ਗੁਰਬਾਣੀ ਅਨੁਸਾਰ ਧਰਮ ਦੀ ਲੋੜ (ਲੇਖਕ – ਡਾ: ਸਰਬਜੀਤ ਸਿੰਘ, ਨਵੀਂ ਮੁੰਬਈ)

ਮਨੁੱਖ ਇਕ ਸਮਾਜਿਕ ਪ੍ਰਾਣੀ ਹੈ, ਜਿਸ ਕਰਕੇ ਉਹ ਇਕ ਇਕੱਠੇ ਪਰਿਵਾਰ ਜਾਂ ਸਮਾਜ ਵਿਚ ਰਹਿੰਦਾ ਹੈ। ਪਰਿਵਾਰ ਜਾਂ ਸਮਾਜ ਤਾਂ ਹੀ ਖੁਸ਼ਹਾਲ ਹੋ ਸਕਦਾ ਹੈ, ਜੇ ਸਾਰੇ ਇਕੱਠੇ ਰਲ ਮਿਲ ਕੇ ਰਹਿਣ, ਇਕ ਦੂਜੇ ਦੀ ਭਲਾਈ ਲਈ ਕੰਮ ਕਰਨ ਤੇ ਸੁਖ ਦੁਖ ਵੇਲੇ ਆਪਸ ਵਿਚ ਸਹਾਈ ਹੋਣ। ਸਮਾਜ ਤਾਂ ਹੀ ਚਲ ਸਕਦਾ ਹੈ, ਜਾਂ ਕਾਇਮ ਰਹਿ ਸਕਦਾ ਹੈ, ਜੇ ਸਾਂਝੀ ਭਲਾਈ ਲਈ ਕੁਝ ਨਿਯਮ ਜਾਂ ਅਸੂਲ ਬਣਾਏ ਜਾਣ ਤੇ ਉਨ੍ਹਾਂ ਅਨੁਸਾਰ ਚਲਿਆ ਜਾਏ। ਬਹੁਤ ਸਾਰੇ ਪਰਿਵਾਰ ਮਿਲ ਕੇ ਇਕ ਪਿੰਡ ਜਾਂ ਸ਼ਹਿਰ ਬਣਦਾ ਹੈ ਤੇ ਬਹੁਤ ਸਾਰੇ ਸ਼ਹਿਰਾਂ ਨਾਲ ਇਕ ਪ੍ਰਾਂਤ ਜਾਂ ਦੇਸ ਬਣਦਾ ਹੈ। ਹਰੇਕ ਪ੍ਰਾਂਤ ਜਾਂ ਦੇਸ ਆਪਣੇ ਆਪਣੇ ਲੋਕਾਂ ਦੀਆਂ ਲੋੜਾਂ, ਰਹਿਣ ਸਹਿਣ ਤੇ ਸੋਚ ਅਨੁਸਾਰ ਆਪਣੇ ਆਪਣੇ ਕਾਨੂੰਨ ਬਣਾਦੇ ਹਨ, ਜੋ ਕਿ ਉਨ੍ਹਾਂ ਸਾਰਿਆਂ ਲੋਕਾਂ ਉੱਪਰ ਲਾਗੂ ਹੁੰਦੇ ਹਨ। ਗਲਤ ਕੰਮ ਕਰਨ ਵਾਲੇ ਨੂੰ ਕਾਨੂੰਨ ਅਨੁਸਾਰ ਸਜਾ ਦਿਤੀ ਜਾਂਦੀ ਹੈ। ਮਨੁੱਖ ਦੀਆਂ ਸਰੀਰਕ ਤਲ ਤੇ ਕੀਤੀਆਂ ਗਈਆਂ ਬੁਰਾਈਆਂ ਭਾਵ ਅਪਰਾਧ, ਤਾਂ ਕਾਨੂੰਨ ਦੀ ਪਕੜ ਵਿਚ ਆ ਜਾਂਦੇ ਹਨ। ਪਰੰਤੂ ਮਨ ਵਿਚਲੀਆਂ ਬੁਰਾਈਆਂ ਭਾਵ ਪਾਪ ਕਾਨੂੰਨ ਦੀ ਪਕੜ ਵਿਚ ਨਹੀਂ ਆਉਂਦੇ ਹਨ।

ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਅਨੁਸਾਰ ਕੀਤੀਆਂ ਬੁਰਾਈਆਂ ਤੋਂ ਬਚਾਉਣ ਲਈ ਕਾਨੂੰਨ ਮਦਦ ਨਹੀਂ ਕਰ ਸਕਦਾ। ਇਸ ਵਾਸਤੇ ਕਿਸੇ ਹੋਰ ਤਰ੍ਹਾਂ ਦੇ ਡਰ ਦੀ ਲੋੜ ਹੈ। ਇਹ ਡਰ ਮਨੁੱਖ ਦੇ ਮਨ ਅੰਦਰ ਧਰਮ ਹੀ ਪੈਦਾ ਕਰ ਸਕਦਾ ਹੈ।

ਸਾਇੰਸ ਵੀ ਇਸ ਵਿਚ ਕੋਈ ਮਦਦ ਨਹੀਂ ਕਰ ਸਕਦੀ। ਸਾਇੰਸ ਦੇ ਬਣਾਏ ਹੋਏ ਫੌਜ਼ੀ ਹਥਿਆਰ ਮਨੁੱਖ ਜਾਤੀ ਨੂੰ ਖਤਮ ਤਾਂ ਕਰ ਸਕਦੇ ਹਨ, ਪਰੰਤੂ ਇਨ੍ਹਾਂ ਨੂੰ ਰੋਕਣ ਲਈ ਸਿਰਫ ਧਰਮ ਹੀ ਸਹਾਇਤਾ ਕਰ ਸਕਦਾ ਹੈ। ਜੇ ਕਰ ਦੁਨੀਆਂ ਵਿਚ ਈਮਾਨਦਾਰੀ, ਤਰਸ, ਦਇਆ, ਭਲਮਾਣਸੀ ਜਾਂ ਸਾਊਪੁਣਾ ਹੈ ਤਾਂ ਉਹ ਸਾਇੰਸ ਕਰਕੇ ਨਹੀਂ, ਬਲਕਿ ਧਰਮ ਕਰਕੇ ਹੀ ਹੈ।

ਸਾਇੰਸ ਦੀ ਤਰੱਕੀ ਕਰਕੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਘਟੇ ਨਹੀਂ ਹਨ, ਸਗੋਂ ਇਸ ਦੇ ਉਲਟ ਵਧੇ ਹੀ ਹਨ। ਨੰਗਾ ਨਾਚ, ਫਿਲਮਾਂ, ਟੀ:ਵੀ:, ਘਟੀਆ ਮੈਗਜ਼ੀਨਾਂ, ਸਕੈਡਲ, ਨੰਗੇ ਸਿਰ ਚਲਣਾਂ, ਘਟ ਕਪੜੇ, ਵਿਆਹਾਂ ਤੇ ਵਾਧੂ ਖਰਚੇ ਆਦਿ ਸਭ ਵਿਚ ਵਾਧਾ ਹੋ ਰਿਹਾ ਹੈ।

ਇਤਿਹਾਸ ਵਲ ਨਜਰ ਮਾਰੀਏ ਤਾਂ ਪਹਿਲੇ ਸਮਿਆਂ ਵਿਚ ਰਾਜਿਆਂ ਤੇ ਉਨ੍ਹਾਂ ਸਹਾਇਕਾਂ ਦੀ ਸ਼ਰਮ ਉੱਡ ਚੁੱਕੀ ਸੀ, ਆਮ ਪਰਜਾ ਦੱਬੀ ਹੋਈ ਰਹਿੰਦੀ ਸੀ ਤੇ ਰਾਜੇ ਦੇ ਬਣਾਏ ਗਏ ਨਿਯਮਾਂ ਅਨੁਸਾਰ ਚਲਦੀ ਸੀ। ਗੁਰੂ ਨਾਨਕ ਸਾਹਿਬ ਨੇ ਉਸ ਸਮੇਂ ਦੇ ਸਮਾਜਿਕ ਮਹੌਲ ਦਾ ਵਰਨਣ ਹੇਠ ਲਿਖੇ ਸਬਦ ਵਿਚ ਕੀਤਾ ਹੈ।

ਤਿਲੰਗ ਮਹਲਾ ੧ ॥ ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ ॥ ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ ॥ ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ ॥ ਕਾਜੀਆ ਬਾਮਣਾ ਕੀ ਗਲ ਥਕੀ ਅਗਦੁ ਪੜੈ ਸੈਤਾਨੁ ਵੇ ਲਾਲੋ ॥ ਮੁਸਲਮਾਨੀਆ ਪੜਹਿ ਕਤੇਬਾ ਕਸਟ ਮਹਿ ਕਰਹਿ ਖੁਦਾਇ ਵੇ ਲਾਲੋ ॥ ਜਾਤਿ ਸਨਾਤੀ ਹੋਰਿ ਹਿਦਵਾਣੀਆ ਏਹਿ ਭੀ ਲੇਖੈ ਲਾਇ ਵੇ ਲਾਲੋ ॥ ਖੂਨ ਕੇ ਸੋਹਿਲੇ ਗਾਵੀਅਹਿ ਨਾਨਕ ਰਤੁ ਕਾ ਕੁੰਗੂ ਪਾਇ ਵੇ ਲਾਲੋ ॥੧॥ (੭੨੨-੭੨੩)

ਅੱਜਕਲ ਦੇ ਲੋਕਰਾਜ ਵਿਚ ਵੀ ਜਨਤਾ, ਅਫਸਰਾਂ ਤੇ ਨੇਤਾਵਾਂ ਸਭ ਦੀ ਸ਼ਰਮ ਉੱਡੀ ਦਿਖਾਈ ਦਿੰਦੀ ਹੈ, ਕੁਝ ਕੁ ਵਿਰਲੇ ਹੀ ਹਨ, ਜਿਨ੍ਹਾਂ ਵਿਚ ਆਚਰਨ ਤੇ ਇਖਲਾਕ ਬਚਿਆ ਦਿਖਾਈ ਦਿੰਦਾ ਹੈ।

ਸ਼ਰਮ ਦਾ ਡਰ ਬਾਹਰਲੀਆਂ ਹਰਕਤਾਂ ਨੂੰ ਤਾਂ ਰੋਕ ਸਕਦਾ ਹੈ, ਪਰੰਤੂ ਭੈੜੇ ਵਿਚਾਰ ਠੀਕ ਨਹੀਂ ਕਰ ਸਕਦਾ ਹੈ। ਸ਼ਰਮ ਜਨਤਕ ਰਾਏ ਤੇ ਨਿਰਭਰ ਕਰਦੀ ਹੈ। ਜੇਕਰ ਜਨਤਕ ਰਾਏ ਹੀ ਢਿਲੀ ਹੋ ਜਾਏ ਤਾਂ ਸ਼ਰਮ ਦੀ ਸੋਝੀ ਵੀ ਉੱਡ ਜਾਂਦੀ ਹੈ। ਅੱਜਕਲ ਦਾ ਨੰਗੇਜ਼ ਪੁਣਾ, ਘਟੀਆ ਗਾਣੇ, ਫਿਲਮਾਂ ਤੇ ਮੈਗਜ਼ੀਨਾਂ, ਇਸ ਗਲ ਦਾ ਸਬੂਤ ਹਨ, ਕਿ ਲੋਕਾਂ ਦੇ ਮਨਾਂ ਵਿਚੋਂ ਸ਼ਰਮ ਉੱਡ ਚੁਕੀ ਹੈ। ਇਹ ਸਭ ਕੁਝ ਸੱਚੇ ਧਰਮ ਦੀ ਸੋਝੀ ਘਟਣ ਕਰਕ ੇ ਹੋ ਰਿਹਾ ਹੈ। ਸਿਰਫ ਸੱਚਾ ਧਰਮ ਹੀ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੂੰ ਘਟਾ ਸਕਦਾ ਹੈ। ਧਰਮ ਮਨੁੱਖ ਦੇ ਮਨ ਅੰਦਰ ਚੰਗੇ ਖਿਆਲ ਤੇ ਚੰਗੀਆਂ ਆਦਤਾਂ ਪੈਦਾ ਕਰ ਸਕਦਾ ਹੈ।

ਸਾਇੰਸ ਦੀ ਤਰੱਕੀ ਹੋਣ ਨਾਲ ਰੌਸ਼ਨੀ ਕਰਨ ਲਈ ਹੁਣ ਬਿਜਲੀ ਦੇ ਵੱਡੇ ਵੱਡੇ ਬਲਬ ਆ ਗਏ ਹਨ, ਪਰੰਤੂ ਲੋਕਾਂ ਦੀ ਰਵਾਇਤਾਂ ਵਿਚ ਫਸੇ ਰਹਿਣ ਦੀ ਸੋਚ ਅਜੇ ਵੀ ਨਹੀਂ ਬਦਲੀ, ਲੋਕ ਅਜੇ ਵੀ ਦਿਵਾਲੀ ਤੇ ਦੀਵੇ ਹੀ ਬਾਲਦੇ ਹਨ। ਵਾਤਾਵਰਨ ਨੂੰ ਖਰਾਬ ਕਰਨ ਦੇ ਜੁਮੇਵਾਰ ਵੀ ਅਸੀਂ ਆਪ ਹੀ ਬਣ ਰਹੇ ਹਾਂ। ਵਿਗਿਆਨ ਦੀ ਤਰੱਕੀ ਨਾਲ ਅਨੇਕਾਂ ਤਰ੍ਹਾਂ ਦੇ ਨਵੇਂ ਪਦਾਰਥ ਆ ਗਏ ਹਨ, ਸਹੂਲਤਾਂ ਤੇ ਸਾਧਨਾਂ ਵਿਚ ਵੀ ਬਹੁਤ ਵਾਧਾ ਹੋ ਗਿਆ ਹੈ, ਪਰੰਤੂ ਸੋਝੀ ਵਿਚ ਜਿਆਦਾ ਤਬਦੀਲੀ ਨਹੀਂ ਆਈ। ਲੋਕਾਂ ਦੇ ਅੰਦਰ ਸਬਰ ਸੰਤੋਖ ਘਟਦਾ ਜਾ ਰਿਹਾ ਹੈ, ਅੱਜ ਕੱਲ ਤਾਂ ਕਈ ਵਾਰੀ ਛੋਟੇ ਬੱਚੇ ਵੀ ਕਹਿੰਦੇ ਹਨ, ਕਿ ਅਸੀਂ ਬੋਰ ਹੋ ਗਏ ਹਾਂ, ਜਾਂ ਟੈਨਸ਼ਨ ਬਹੁਤ ਹੈ। ਰਵਾਇਤਾਂ ਵਾਲੇ ਧਰਮ ਨਾਲ ਕੋਈ ਲਾਭ ਨਹੀਂ ਹੋਣਾ ਹੈ, ਸੱਚਾ ਧਰਮ ਉਹ ਹੈ ਜਿਹੜਾ ਮਨੁੱਖ ਦੇ ਮਨ ਅੰਦਰ ਗਿਆਨ ਦਾ ਵਾਧਾ ਕਰ ਸਕਦਾ ਹੈ ਤੇ ਜੀਵਨ ਦੀ ਸੋਝੀ ਦੇ ਕੇ ਮਨੁੱਖਤਾ ਨੂੰ ਸਰਬਤ ਦੇ ਭਲੇ ਵੱਲ ਲਿਜਾ ਸਕਦਾ ਹੈ।

ਸਰੀਰ ਦੀਆਂ ਅੱਖਾਂ ਬੰਦ ਹੋਣ ਤਾਂ ਬਾਹਰ ਦਾ ਨਜ਼ਾਰਾ ਵੇਖਿਆ ਨਹੀਂ ਜਾ ਸਕਦਾ ਹੈ। ਧਰਮ ਵੀ ਮਨ ਦੀ ਸੋਝੀ ਲਈ ਇਕ ਅੰਦਰੂਨੀ ਅੱਖ ਹੈ। ਜੇ ਕਰ ਮਨੁੱਖ ਦੇ ਅੰਦਰ ਧਰਮ ਨਹੀਂ, ਤਾਂ ਮਨ ਦੀ ਸੋਝੀ ਵੀ ਨਹੀਂ ਆ ਸਕਦੀ ਹੈ, ਤੇ ਫਿਰ ਮਨੁੱਖ ਭਰਮਾਂ ਭੁਲੇਖਿਆਂ ਕਰਕੇ ਵਿਕਾਰਾਂ ਵਿਚ ਹੀ ਉਲਝਿਆ ਰਹਿੰਦਾ ਹੈ।

ਮਨੁੱਖ ਦਾ ਸਰੀਰ ਬਾਹਰਲੇ ਪਦਾਰਥਾਂ ਦਾ ਰਸ ਮਾਣ ਕੇ ਖੁਸ਼ ਹੁੰਦਾ ਹੈ। ਪਰੰਤੂ ਸਦੀਵੀ ਆਨੰਦ ਤੇ ਮਨ ਦੀ ਅੰਦਰੂਨੀ ਖੁਸ਼ੀ ਤਾਂ ਹੀ ਹੋ ਸਕਦੀ ਹੈ, ਜੇ ਕਰ ਮਨ ਅੰਦਰਲੇ ਪਦਾਰਥਾਂ, ਭਾਵ ਅਕਾਲ ਪੁਰਖੁ ਦੇ ਨਾਮੁ ਦਾ ਰਸ ਮਾਣ ਸਕੇ।

ਮਨੁੱਖ ਦਾ ਸਾਹ ਚਲ ਰਿਹਾ ਹੈ, ਤਾਂ ਸਰੀਰ ਕਾਇਮ ਹੈ, ਨਹੀਂ ਤਾਂ ਸਰੀਰਕ ਮੌਤ ਹੋ ਜਾਂਦੀ ਹੈ ਤੇ ਮਨੁੱਖ ਮੁਰਦਾ ਕਹਿਲਾਇਆ ਜਾਂਦਾ ਹੈ। ਇਸੇ ਤਰ੍ਹਾਂ ਜੇ ਕਰ ਮਨੁੱਖ ਦੇ ਮਨ ਅੰਦਰ ਸੱਚਾ ਧਰਮ ਹੈ, ਤਾਂ ਉਸ ਦੇ ਅੰਦਰ ਗਿਆਨ ਦੀ ਸੋਝੀ ਹੈ, ਨਹੀਂ ਤਾਂ ਅਜੇਹੀ ਹਾਲਤ ਵਿਚ ਮਨੁੱਖ ਦੀ ਆਤਮਕ ਮੌਤ ਕਹਿ ਸਕਦੇ ਹਾਂ।

ਲੋਕਾਂ ਦੇ ਵੱਖ ਵੱਖ ਤਰ੍ਹਾਂ ਦੇ ਵਿਸ਼ਵਾਸਾਂ ਤੇ ਰਵਾਇਤਾ ਅਨੁਸਾਰ ਦੁਨੀਆਂ ਵਿਚ ਅਨੇਕਾਂ ਤਰ੍ਹਾਂ ਦੇ ਧਰਮ ਚਲ ਰਹੇ ਹਨ। ਜਿਆਦਾਤਰ ਧਰਮਾਂ ਦਾ ਮੰਤਵ ਰਬ, ਅੱਲ੍ਹਾਂ, ਗੌਡ (ਘੋਦ) ਆਦਿ ਨੂੰ ਮਿਲਣ ਜਾਂ ਉਸ ਨਾਲ ਸਬੰਧ ਜੋੜਨ ਲਈ ਹੀ ਹੁੰਦਾ ਹੈ, ਤੇ ਉਸ ਨੂੰ ਪਾਣ ਲਈ ਲੋਕ ਤਰ੍ਹਾਂ ਤਰ੍ਹਾਂ ਦੀਆਂ ਰਵਾਇਤਾਂ, ਪੂਜਾ ਜਾਂ ਕਰਮ ਕਾਂਡ ਆਦਿ ਕਰਦੇ ਰਹਿੰਦੇ ਹਨ। ਦੁਨੀਆਂ ਵਿਚ ਅਨੇਕਾਂ ਪੈਗੰਬਰ ਜਾਂ ਮਹਾਨ ਹਸਤੀਆਂ ਹੋਈਆਂ ਹਨ, ਜਿਨ੍ਹਾਂ ਨੇ ਆਪਣੇ ਆਪਣੇ ਤਰੀਕੇ ਨਾਲ ਰਸਤੇ ਦੱਸੇ ਹਨ। ਵੱਖ ਵੱਖ ਧਰਮਾਂ ਨੇ ਆਪਣੇ ਆਪਣੇ ਰਬ ਦੇ ਵੱਖ ਵੱਖ ਤਰ੍ਹਾਂ ਦੇ ਰੂਪ ਮੰਨੇ ਹਨ, ਤੇ ਉਸ ਰਬ ਦੇ ਰਹਿਣ ਵਾਲੇ ਸਥਾਨ ਤੇ ਪਾਣ ਵਾਲੇ ਤਰੀਕੇ ਵੀ ਭਿੰਨ ਭਿੰਨ ਹਨ।

ਲੋਕਾਂ ਨੂੰ ਗੁਮਰਾਹ ਕਰਨ ਵਾਲੇ ਬਾਬਿਆਂ ਦੀ ਤਾਂ ਭਰਮਾਰ ਹੋ ਗਈ ਹੈ। ਨਤੀਜਾ ਇਹ ਹੋਇਆਂ ਹੈ, ਕਿ ਸੱਚੇ ਗੁਰੂ ਨੂੰ ਅਪਨਾਉਣ ਵਾਲਾ ਕੋਈ ਵਿਰਲਾ ਹੀ ਦਿਖਾਈ ਦਿੰਦਾ ਹੈ। ਅਸਲੀ ਸੱਚਾ ਗੁਰੂ ਉਹ ਹੈ, ਜਿਹੜਾ ਸਾਡੇ ਮਨ ਅੰਦਰ ਸੰਤੋਖ ਪੈਦਾ ਕਰ ਸਕਦਾ ਹੈ। ਪੂਰਨ ਗੁਰੂ ਮਾਨੋ, ਇਕ ਰੁੱਖ ਦੀ ਤਰ੍ਹਾਂ ਹੈ, ਜਿਸ ਨੂੰ ਧਰਮ ਰੂਪੀ ਫੁੱਲ ਲੱਗਦਾ ਹੈ ਤੇ ਗਿਆਨ ਰੂਪੀ ਫਲ ਲੱਗਦੇ ਹਨ। ਪ੍ਰੇਮ ਦੇ ਜਲ ਨਾਲ ਰਸਿਆ ਹੋਇਆ ਅਜੇਹਾ ਰੁੱਖ ਸਦਾ ਹਰਾ ਭਰਾ ਰਹਿੰਦਾ ਹੈ। ਅਕਾਲ ਪੁਰਖੁ ਦੀ ਬਖ਼ਸ਼ਸ਼ ਨਾਲ ਉਸ ਦੇ ਚਰਨਾਂ ਵਿਚ ਧਿਆਨ ਜੋੜਨ ਨਾਲ ਇਹ ਗਿਆਨ ਰੂਪੀ ਫਲ ਪੱਕਦਾ ਹੈ, ਭਾਵ, ਜਿਹੜਾ ਮਨੁੱਖ ਸਬਦ ਗੁਰੂ ਦੁਆਰਾ ਅਕਾਲ ਪੁਰਖੁ ਦੀ ਮਿਹਰ ਨਾਲ, ਉਸ ਦੇ ਚਰਨਾਂ ਵਿਚ ਸੁਰਤਿ ਜੋੜਦਾ ਹੈ, ਉਸ ਨੂੰ ਪੂਰਨ ਗਿਆਨ ਪ੍ਰਾਪਤ ਹੁੰਦਾ ਹੈ। ਅਜੇਹਾ ਮਨੁੱਖ ਆਪਣੇ ਜੀਵਨ ਵਿਚ ਸਦਾ ਆਨੰਦ ਮਾਣਦਾ ਰਹਿੰਦਾ ਹੈ।

ਸਲੋਕ ਮ; ੧ ॥ ਨਾਨਕ ਗੁਰੁ ਸੰਤੋਖੁ ਰੁਖੁ ਧਰਮੁ ਫੁਲੁ ਫਲ ਗਿਆਨੁ ॥ ਰਸਿ ਰਸਿਆ ਹਰਿਆ ਸਦਾ ਪਕੈ ਕਰਮਿ ਧਿਆਨਿ ॥ ਪਤਿ ਕੇ ਸਾਦ ਖਾਦਾ ਲਹੈ ਦਾਨਾ ਕੈ ਸਿਰਿ ਦਾਨੁ ॥ ੧॥ (੧੪੭)

ਆਪਣੇ ਮਨ ਨੂੰ ਸਮਝਾਉਂਣਾ ਹੈ ਕਿ ਅਕਾਲ ਪੁਰਖੁ ਦਾ ਨਾਮੁ ਜਪ ਤੇ ਆਪਣਾ ਪਵਿਤਰ ਆਚਰਨ ਬਣਾ, ਕਿਉਂਕਿ ਇਹੀ ਧਰਮ ਸਾਰੇ ਧਰਮਾਂ ਨਾਲੋ ਚੰਗਾ ਹੈ। ਗੁਰੂ ਦੀ ਸਤਿਸੰਗਤ ਵਿਚ ਅਕਾਲ ਪੁਰਖੁ ਦੇ ਗੁਣ ਗਾਇਨ ਕਰਕੇ ਆਪਣੀ ਭੈੜੀ ਮਤਿ ਦੂਰ ਕਰਨੀ, ਹੋਰ ਸਾਰੀਆਂ ਧਾਰਮਿਕ ਰਸਮਾਂ ਨਾਲੋਂ ਉੱਤਮ ਕਰਮ ਹੈ।

ਸਰਬ ਧਰਮ ਮਹਿ ਸ੍ਰੇਸਟ ਧਰਮੁ ॥ ਹਰਿ ਕੋ ਨਾਮੁ ਜਪਿ ਨਿਰਮਲ ਕਰਮੁ ॥ (੨੬੬)

ਇਸ ਸੰਸਾਰ ਨੂੰ ਚਲਾਉਣ ਵਾਲਾ ਨਾ ਤਾਂ ਕੋਈ ਮਨੁੱਖ ਹੋ ਸਕਦਾ ਹੈ ਅਤੇ ਨਾ ਹੀ ਕੋਈ ਜੀਵ ਜੰਤੂ ਜਾਂ ਵਸਤੂ, ਕਿਉਂਕਿ ਇਹ ਸਾਰੇ ਨਾਸ਼ਵੰਤ ਹਨ, ਤੇ ਸਦੀਵੀ ਕਾਲ ਲਈ ਨਹੀਂ ਰਹਿ ਸਕਦੇ। ਅਕਾਲ ਪੁਰਖ ਕੋਈ ਨਿਯਮ, ਅਸੂਲ ਜਾਂ ਸਿਸਟਮ ਹੀ ਹੋ ਸਕਦਾ ਹੈ, ਜਿਸ ਦੀ ਸੀਮਾਂ ਬੇਅੰਤ ਹੈ, ਇਸ ਲਈ ਦੁਨਿਆਵੀ ਲਫਜ਼ਾਂ ਵਿਚ ਕਿਸੇ ਖਾਸ ਨਾਂ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ। ਅਜੇਹਾ ਧਰਮ ਜਿਸ ਨਾਲ ਸੱਚੀ ਜਾਣਕਾਰੀ ਹਾਸਲ ਹੋਵੇ ਅਤੇ ਜੀਵਨ ਸਬੰਧੀ ਸਹੀ ਸੇਧ ਮਿਲ ਸਕੇ, ਉਸ ਨੂੰ ਗੁਰੂ ਨਾਨਕ ਸਾਹਿਬ ਨੇ ਸਬਦ ਦਾ ਨਾਮੁ ਦਿੱਤਾ ਹੈ।

ਅਕਾਲ ਪੁਰਖ ਦੇ ਹੁਕਮੁ ਵਿਚ ਹੀ ਜਗਤ ਦੀ ਉਤਪੱਤੀ ਹੁੰਦੀ ਹੈ, ਤੇ ਜਗਤ ਦਾ ਨਾਸ ਹੁੰਦਾ ਹੈ। ਨਾਸ ਤੋਂ ਬਾਅਦ ਫਿਰ ਅਕਾਲ ਪੁਰਖ ਦੇ ਹੁਕਮੁ ਵਿਚ ਜਗਤ ਦੀ ਉਤਪੱਤੀ ਹੁੰਦੀ ਰਹਿੰਦੀ ਹੈ। ਸਬਦ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਨੂੰ ਸੋਝੀ ਮਿਲਣ ਨਾਲ ਇਹ ਨਿਸਚਾ ਹੋ ਜਾਂਦਾ ਹੈ, ਕਿ ਅਕਾਲ ਪੁਰਖ ਸਦਾ ਥਿਰ ਰਹਿਣ ਵਾਲਾ ਹੈ, ਤੇ ਹਰੇਕ ਥਾਂ ਆਪ ਹੀ ਮੌਜੂਦ ਹੈ, ਉਹ ਜਗਤ ਨੂੰ ਪੈਦਾ ਕਰ ਕੇ ਉਸ ਵਿਚ ਲੀਨ ਹੋ ਰਿਹਾ ਹੈ।

ਉਤਪਤਿ ਪਰਲਉ ਸਬਦੇ ਹੋਵੈ ॥ ਸਬਦੇ ਹੀ ਫਿਰਿ ਓਪਤਿ ਹੋਵੈ ॥ (੧੧੭)

ਦੁਨੀਆਂ ਦਾ ਹਰ ਕਾਰਜ ਅਕਾਲ ਪੁਰਖੁ ਦੇ ਹੁਕਮੁ ਅਤੇ ਉਸ ਦੇ ਬਣਾਏ ਗਏ ਨਿਯਮਾਂ ਅਨੁਸਾਰ ਹੀ ਹੁੰਦਾਂ ਹੈ। ਅਕਾਲ ਪੁਰਖੁ ਤੇ ਉਸ ਦਾ ਨਿਯਮ ਸਦੀਆਂ ਤੋਂ ਇਹ ਸਾਰੀ ਸ੍ਰਿਸ਼ਟੀ ਤੇ ਉਸ ਦੇ ਉੱਪਰ ਪੈਦਾ ਹੋਣ ਵਾਲੇ ਤੇ ਮਰਨ ਵਾਲੇ ਜੀਵ ਜੰਤੂਆਂ ਦਾ ਜੀਵਨ ਕਾਲ ਬੜੀ ਖੂਬੀ ਨਾਲ ਚਲਾ ਰਿਹਾ ਹੈ। ਅਕਾਲ ਪੁਰਖੁ ਦਾ ਹੁਕਮੁ ਸਦਾ ਲਈ ਅਟੱਲ ਹੈ। ਅਕਾਲ ਪੁਰਖੁ ਦੇ ਬਣਾਏ ਨਿਯਮ ਅਸਲੀ ਧਰਮ ਕਹਿਲਾ ਸਕਦੇ ਹਨ, ਕਿਉਂਕਿ ਇਹ ਪੂਰੀ ਸ੍ਰਿਸ਼ਟੀ ਨੂੰ ਬੜੇ ਸੁਚੱਜੇ ਢੰਗ ਨਾਲ ਚਲਾ ਰਹੇ ਹਨ। ਮਨੁੱਖ ਦੀ ਪਹੁੰਚ ਬਹੁਤ ਸੀਮਿਤ ਹੈ, ਇਸ ਲਈ ਸਾਡੇ ਆਪਣੇ ਬਣਾਏ ਨਿਯਮ ਵੀ ਕੁਝ ਕੁ ਲੋਕਾਂ ਤਕ ਹੀ ਚਲ ਸਕਦੇ ਹਨ, ਤੇ ਹੋਰ ਦੂਸਰੇ ਲੋਕਾਂ ਨੂੰ ਹੋ ਸਕਦਾ ਹੈ ਕਿ ਸਾਡੇ ਬਣਾਏ ਗਏ ਨਿਯਮ ਪਰਵਾਨ ਨਾ ਹੋਣ। ਇਸ ਲਈ ਮਨੁੱਖ ਦੇ ਬਣਾਏ ਗਏ ਨਿਯਮ ਅਸਲੀ ਤੇ ਸਦੀਵੀ ਧਰਮ ਨਹੀਂ ਕਹਿਲਾ ਸਕਦੇ ਹਨ।

ਮਨੁੱਖ ਦੀ ਸੁਣਨ ਦੀ ਸ਼ਕਤੀ ਲਗਭਗ ੧੦੦ ਮੀਟਰ ਤਕ ਹੋ ਸਕਦੀ ਹੈ, ਜਦ ਕਿ ਹਾਥੀ ਇਕ ਦੂਸਰੇ ਦੀ ਆਵਾਜ਼ ੩/੪ ਕਿਲੋਮੀਟਰ ਸੁਣ ਸਕਦੇ ਹਨ। ਮਨੁੱਖ ਦੇ ਬਣਾਏ ਗਏ ਟੈਲੀਫੂਨ ਰਾਹੀਂ ਹਜ਼ਾਰਾਂ ਕਿਲੋਮੀਟਰ ਦੂਰ ਤਕ ਸੁਣਿਆ ਜਾ ਸਕਦਾ ਹੈ, ਪਰੰਤੂ ਅਕਾਲ ਪੁਰਖੁ ਦੀ ਵੇਖਣ, ਸੁਣਨ, ਪਰਖਣ ਤੇ ਸਾਰੀ ਸ੍ਰਿਸ਼ਟੀ ਨੂੰ ਚਲਾਣ ਦੀ ਸਮਰਥਾ ਅਣਗਿਣਤ ਦੂਰੀ ਤਕ ਹੈ ਤੇ ਬੇਅੰਤ ਹੈ। ਧਰਮ ਦਾ ਮੰਤਵ ਕੋਈ ਰਵਾਇਤਾਂ ਪੂਰੀਆਂ ਕਰਨਾਂ ਨਹੀਂ। ਧਰਮ ਦਾ ਮੰਤਵ ਹੈ ਕਿ ਸਾਰੇ ਜਾਣੇ ਇਕ ਪਰਿਵਾਰ ਜਾਂ ਸਮਾਜ ਵਿਚ ਇਕੱਠੇ ਰਲ ਮਿਲ ਕੇ ਰਹਿੰਣ ਤੇ ਇਕ ਦੂਜੇ ਦੀ ਭਲਾਈ ਲਈ ਕੰਮ ਕਰਨ ਤੇ ਸੁਖ ਦੁਖ ਵੇਲੇ ਆਪਸ ਵਿਚ ਸਹਾਈ ਹੋਣ। ਦੁਨੀਆਂ ਵਿਚ ਰਹਿੰਦੇ ਹੋਏ ਬਹੁਤ ਸਾਰੇ ਪਦਾਰਥ ਇਕੱਠੇ ਕਰਨ ਦਾ ਕੋਈ ਲਾਭ ਨਹੀਂ, ਜੋ ਕਿ ਸਭ ਇਕ ਦਿਨ ਮਨੁੱਖ ਨੇ ਇਥੇ ਹੀ ਛੱਡ ਕੇ ਚਲੇ ਜਾਣਾ ਹੈ।

ਮਨੁੱਖ ਭਾਵੇਂ ਪੂਰੀ ਦੁਨੀਆਂ ਤੇ ਆਪਣਾ ਰਾਜ ਕਾਇਮ ਕਰ ਲਏ, ਪਰੰਤੂ ਇਕ ਦਿਨ ਇਥੋਂ ਖਾਲੀ ਹੱਥ ਚਲੇ ਜਾਣਾ ਹੈ। ਜਦੋਂ ਸਿਕੰਦਰ ਨੂੰ ਧਰਮ ਦੀ ਸੋਝੀ ਆ ਗਈ ਤਾਂ ਕਹਿੰਦਾ ਹੈ ਕਿ ਮੇਰਾ ਜਨਾਜ਼ਾ ਲਿਜਾਂਦੇ ਸਮੇਂ ਮੇਰੇ ਹੱਥ ਪੈਰ ਨੰਗੇ ਰੱਖਣਾਂ। ਦੁਨੀਆਂ ਤੇ ਮੈਂ ਖਾਲੀ ਹੱਥ ਆਇਆ ਸੀ। ਹੁਣ ਇਤਨੀ ਜਾਇਦਾਦ, ਰਾਜਭਾਗ ਇਕੱਠਾ ਕਰਨ ਦੇ ਬਾਵਜ਼ੂਦ ਖਾਲੀ ਹੱਥ ਜਾ ਰਿਹਾ ਹਾਂ। ਜੇ ਕਰ ਸਿਕੰਦਰ ਨੂੰ ਧਰਮ ਦੀ ਸੋਝੀ ਪਹਿਲਾਂ ਆ ਜਾਂਦੀ ਤਾਂ ਉਹ ਅਨੇਕਾਂ ਲੋਕਾਂ ਦੇ ਕਤਲ ਤੇ ਪਰਿਵਾਰਾਂ ਦੀ ਬਰਬਾਦੀ ਦਾ ਕਾਰਨ ਨਾ ਬਣਦਾ।

ਜਿਸ ਤਰ੍ਹਾਂ ਇਕੋ ਹੀ ਮਿੱਟੀ ਤੋਂ ਕਈ ਕਿਸਮਾਂ ਦੇ ਭਾਂਡੇ ਬਣਾਏ ਜਾ ਸਕਦੇ ਹਨ, ਤੇ ਅਸੀਂ ਸਮਝ ਸਕਦੇ ਹਾਂ ਕਿ ਉਨ੍ਹਾਂ ਸਾਰਿਆਂ ਭਾਂਡਿਆਂ ਵਿਚ ਮਿੱਟੀ ਸਮਾਈ ਹੋਈ ਹੈ। ਇਸੇ ਤਰ੍ਹਾਂ ਇਕ ਕੀੜੀ ਤੋਂ ਲੈ ਕੇ ਹਾਥੀ ਤਕ ਹਰੇਕ ਜਾਨਵਰ ਦੇ ਅੰਦਰ, ਕੀੜੇ ਪਤੰਗੇ ਅੰਦਰ, ਨਿਰਜਿੰਦ ਪਦਾਰਥ ਤੇ ਸਿਰਜਿੰਦ ਜੀਵ ਦੇ ਅੰਦਰ, ਭਾਵ ਦੁਨੀਆਂ ਦੇ ਹਰੇਕ ਪਦਾਰਥ ਜਾਂ ਜੀਵ ਦੇ ਹਿਰਦੇ ਵਿਚ ਅਕਾਲ ਪੁਰਖੁ ਹੀ ਸਮਾਇਆ ਹੋਇਆ ਹੈ। ਇਸ ਲਈ ਹੋਰ ਸਭਨਾਂ ਦੀ ਆਸ ਛੱਡ ਕੇ, ਸਿਰਫ ਇਕ ਅਕਾਲ ਪੁਰਖੁ ਦਾ ਧਿਆਨ ਧਰਨਾ ਚਾਹੀਦਾ ਹੈ, ਜੋ ਕਿ ਬੇਅੰਤ ਹੈ, ਤੇ ਸਭਨਾਂ ਵਿਚ ਮੌਜੂਦ ਹੈ। ਭਗਤ ਨਾਮਦੇਵ ਜੀ ਸਮਝਾਂਦੇ ਹਨ ਕਿ ਸਾਰੇ ਸਰੀਰਾਂ ਵਿਚ ਅਕਾਲ ਪੁਰਖੁ ਬੋਲਦਾ ਹੈ, ਸਿਰਫ ਅਕਾਲ ਪੁਰਖੁ ਆਪ ਹੀ ਬੋਲਦਾ ਹੈ, ਤੇ ਅਕਾਲ ਪੁਰਖੁ ਤੋਂ ਬਿਨਾ ਹੋਰ ਕੋਈ ਨਹੀਂ ਬੋਲਦਾ। ਜਿਹੜਾ ਮਨੁੱਖ ਅਕਾਲ ਪੁਰਖੁ ਦਾ ਧਿਆਨ ਧਰ ਕੇ ਉਸ ਵਿਚ ਲੀਨ ਹੋ ਜਾਂਦਾ ਹੈ, ਫਿਰ ਉਸ ਵਿਚ ਤੇ ਅਕਾਲ ਪੁਰਖੁ ਵਿਚ ਕੋਈ ਭੇਦ ਨਹੀਂ ਰਹਿ ਜਾਂਦਾ।

ਸਭੈ ਘਟ ਰਾਮੁ ਬੋਲੈ ਰਾਮਾ ਬੋਲੈ ॥ ਰਾਮ ਬਿਨਾ ਕੋ ਬੋਲੈ ਰੇ ॥੧॥ ਰਹਾਉ ॥ (੯੮੮)

ਜਦੋਂ ਗੁਰੂ ਨਾਨਕ ਸਾਹਿਬ ਮੱਕੇ ਗਏ ਤਾਂ ਕਾਜ਼ੀਆਂ ਨੇ ਵੀ ਇਹੀ ਸਵਾਲ ਕੀਤਾ ਕਿ ਹਿੰਦੂ ਵਡਾ ਕਿ ਮੁਸਲਮਾਨ, ਤਾਂ ਬਾਬੇ ਨਾਨਕ ਜੀ ਦਾ ਇਹੀ ਉਤਰ ਸੀ, ਮਸਲਾ ਵੱਡੇ ਛੋਟੇ ਦਾ ਨਹੀਂ, ਲੋੜ ਹੈ ਸ਼ੁਭ ਗੁਣਾਂ ਦੀ, ਜਿਸ ਤੋਂ ਦੋਵੇਂ ਹੀ ਸੱਖਣੇ ਹਨ।

ਪੁਛਣ ਖੋਲ ਕਿਤਾਬ ਨੂੰ ਵਡਾ ਹਿੰਦੂ ਕੀ ਮੁਸਲਮਾਨੋਈ॥ ਬਾਬਾ ਆਖੇ ਹਾਜ਼ੀਆਂ ਸ਼ੁਭ ਅਮਲਾਂ ਬਾਝੋ ਦੋਵੇਂ ਰੋਈ॥ (੧-੩੩-੮)

ਜਿਨ੍ਹਾਂ ਮਨੁੱਖਾਂ ਦੇ ਤਨ ਮਨ ਵਿਚ ਸਦਾ ਅਕਾਲ ਪੁਰਖੁ ਦੇ ਨਾਮੁ ਜਪਣ ਦਾ ਆਹਾਰ ਹੁੰਦਾ ਹੈ, ਉਹ ਮਨੁੱਖ ਅਕਾਲ ਪੁਰਖੁ ਦੇ ਪ੍ਰੇਮ ਤੇ ਭਗਤੀ ਵਿਚ ਮਸਤ ਹੋ ਕੇ ਅਕਾਲ ਪੁਰਖੁ ਦੇ ਗੁਣ ਗਾਇਨ ਕਰਨ ਵਿਚ ਰੁਝੇ ਰਹਿੰਦੇ ਹਨ, ਤੇ ਉਨ੍ਹਾਂ ਨੂੰ ਜਗਤ ਦਾ ਮੋਹ ਪੋਹ ਨਹੀਂ ਸਕਦਾ। ਇਹੀ ਕਾਰਨ ਹੈ ਕਿ ਕੰਨਾਂ ਨਾਲ ਮਾਲਕ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਸੁਣਨੀ, ਤੇ ਅਕਾਲ ਪੁਰਖੁ ਦਾ ਨਾਮੁ ਚਿਤ ਵਿਚ ਵਸਾਈ ਰੱਖਣਾਂ ਹੀ, ਸਾਧ ਜਨਾਂ ਦੀ ਨਿੱਤ ਦੀ ਕਾਰ ਹੋਇਆ ਕਰਦੀ ਹੈ। ਉਨ੍ਹਾਂ ਸਾਧ ਜਨਾਂ ਦੇ ਹਿਰਦੇ ਵਿਚ ਅਕਾਲ ਪੁਰਖੁ ਦੇ ਸੋਹਣੇ ਚਰਨਾਂ ਦਾ ਟਿਕਾਉ ਸਦਾ ਬਣਿਆ ਰਹਿੰਦਾ ਹੈ, ਤੇ ਅਕਾਲ ਪੁਰਖੁ ਦੀ ਭਗਤੀ ਹੀ ਉਨ੍ਹਾਂ ਦੇ ਪ੍ਰਾਣਾਂ ਦਾ ਆਸਰਾ ਹੁੰਦੀ ਹੈ।

ਸਾਰਗ ਮਹਲਾ ੫ ॥ ਮਨਿ ਤਨਿ ਰਾਮ ਕੋ ਬਿਉਹਾਰੁ ॥ ਪ੍ਰੇਮ ਭਗਤਿ ਗੁਨ ਗਾਵਨ ਗੀਧੇ ਪੋਹਤ ਨਹ ਸੰਸਾਰ ॥੧॥ ਰਹਾਉ ॥ ਸ੍ਰਵਣੀ ਕੀਰਤਨੁ ਸਿਮਰਨੁ ਸੁਆਮੀ ਇਹੁ ਸਾਧ ਕੋ ਆਚਾਰੁ ॥ ਚਰਨ ਕਮਲ ਅਸਥਿਤਿ ਰਿਦ ਅੰਤਰਿ ਪੂਜਾ ਪ੍ਰਾਨ ਕੋ ਆਧਾਰੁ ॥੧॥ (੧੨੨੨)

ਇਸ ਲਈ ਜੇਕਰ ਸਿਸਟਮ ਜਾਂ ਧਰਮ ਚੰਗੇ ਗੁਣ ਤੇ ਚੰਗਾ ਆਚਰਨ ਨਹੀਂ ਸਿਖਾ ਸਕਦਾ ਤਾਂ ਉਸ ਦਾ ਕੋਈ ਲਾਭ ਨਹੀਂ। ਗੁਰੂ ਗਰੰਥ ਸਾਹਿਬ ਇਕ ਉੱਚੇ ਆਚਰਨ ਦਾ ਸੋਮਾ ਹੈ, ਜਿਸ ਦੀ ਸਹਾਇਤਾ ਨਾਲ ਅਸੀਂ ਅਕਾਲ ਪੁਰਖ ਦੇ ਹੁਕਮੁ ਨੂੰ ਸਮਝ ਸਕਦੇ ਹਾਂ ਤੇ ਉਸ ਹੁਕਮੁ ਅਨੁਸਾਰ ਅਨੁਸਾਰ ਚਲ ਸਕਦੇ ਹਾਂ। ਜਦੋਂ ਜੀਵ ਨੂੰ ਸਮਝ ਆਉਂਦੀ ਹੈ, ਕਿ ਸਭ ਕੁਝ ਅਕਾਲ ਪੁਰਖੁ ਦੇ ਹੁਕਮੁ ਅਨੁਸਾਰ ਹੋ ਰਿਹਾ ਹੈ, ਤੇ ਜੀਵ ਆਪ ਕੁਝ ਵੀ ਨਹੀਂ ਕਰ ਸਕਦਾ ਹੈ, ਤਾਂ ਫਿਰ ਉਸ ਦੀ ਹਉਮੈ ਘਟਨੀ ਸ਼ੁਰੂ ਹੋ ਜਾਂਦੀ ਹੈ, ਜਿਸ ਸਦਕਾ ਉਸ ਦੀ ਅਕਾਲ ਪੁਰਖੁ ਨਾਲ ਨੇੜਤਾ ਵਧਣੀ ਸ਼ੁਰੂ ਹੋ ਜਾਂਦੀ ਹੈ। ਉੱਚਾ ਆਚਰਨ ਤੇ ਉੱਚੀ ਵਿਚਾਰ ਸਿਰਫ ਸਬਦ ਗੁਰੂ ਤੋਂ ਹੀ ਮਿਲ ਸਕਦੀਆਂ ਹਨ। ਜੇਹੜਾ ਮਨੁੱਖ ਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ ਵਿਚ ਵਸਾ ਲੈਂਦਾ ਹੈ ਤੇ ਆਤਮਕ ਜੀਵਨ ਦੇਣ ਵਾਲਾ ਨਾਮੁ ਪ੍ਰਾਪਤ ਕਰ ਲੈਂਦਾ ਹੈ, ਉਹ ਪਰਾਈ ਇਸਤ੍ਰੀ ਦਾ ਸੰਗ, ਪਰਾਇਆ ਧਨ, ਲਾਲਚ, ਹਉਮੈ, ਵਿਸ਼ਿਆਂ ਵਿਕਾਰਾਂ, ਮੰਦੇ ਕਰਮ, ਭੈੜੀ ਨੀਅਤ, ਪਰਾਈ ਨਿੰਦਿਆ, ਕਾਮ ਕ੍ਰੋਧ, ਇਨ੍ਹਾਂ ਸਭ ਨੂੰ ਤਿਆਗ ਦੇਂਦਾ ਹੈ।

ਗੁਰੂ ਸਾਹਿਬ ਨੇ ਪਰਿਵਾਰ ਵਿਚ ਵੀ ਵੱਡੇ ਛੋਟੇ ਦਾ ਮਸਲਾ ਖਤਮ ਕਰ ਦਿੱਤਾ। ਪਤੀ ਸਿਰਫ ਇੱਕ ਹੀ ਹੈ ਤੇ ਉਹ ਹੈ, ਅਕਾਲ ਪੁਰਖੁ, ਹੋਰ ਸਾਰੀ ਸ੍ਰਿਸ਼ਟੀ ਉਸ ਦੀਆਂ ਇਸਤ੍ਰੀਆਂ ਹਨ। ਉਹ ਸਾਰੇ ਸਰੀਰਾਂ ਨੂੰ ਭੋਗਦਾ ਹੈ, ਭਾਵ, ਸਾਰੇ ਸਰੀਰਾਂ ਵਿਚ ਵਿਆਪਕ ਹੈ, ਤੇ ਨਿਰਲੇਪ ਭੀ ਹੈ, ਉਹ ਅਕਾਲ ਪੁਰਖੁ ਅਲੱਖ ਹੈ ਤੇ ਲੇਖੇ ਵਿਚ ਨਹੀਂ ਆਂਉਂਦਾ।

ਮ; ੩ ॥ ਇਸੁ ਜਗ ਮਹਿ ਪੁਰਖੁ ਏਕੁ ਹੈ ਹੋਰ ਸਗਲੀ ਨਾਰਿ ਸਬਾਈ ॥ ਸਭਿ ਘਟ ਭੋਗਵੈ ਅਲਿਪਤੁ ਰਹੈ ਅਲਖੁ ਨ ਲਖਣਾ ਜਾਈ ॥ (੫੯੨-੫੯੩)

ਜੇ ਸਾਰੇ ਹੀ ਇਸਤ੍ਰੀਆਂ ਹਨ, ਫਿਰ ਮਰਦ ਹੰਕਾਰ ਕਿਉਂ ਕਰਦੇ ਹਨ। ਮਰਦ ਤਾਂ ਹੀ ਜੀਵਨ ਮੁਕਤ ਹੋ ਸਕਦਾ ਹੈ, ਜੇ ਕਰ ਉਸ ਦੇ ਅੰਦਰ ਦਾ ਹੰਕਾਰ ਖਤਮ ਹੋ ਜਾਵੇ ਤੇ ਉਸ ਦੇ ਅੰਦਰ ਇਸਤਰੀ ਦੀ ਤਰ੍ਹਾਂ ਨਿਮਰਤਾ, ਵਾਲੇ ਗੁਣ ਆ ਜਾਣ। ਮਰਦ ਵਿਚ ਨਿਮਰਤਾ ਤਾਂ ਆ ਸਕਦੀ ਹੈ, ਜੇ ਕਰ ਉਸ ਦੇ ਹਿਰਦੇ ਅੰਦਰ ਗੁਰੂ ਦੀ ਬਾਣੀ ਦਾ ਨਿਵਾਸ ਹੈ। ਜੇਕਰ ਸਮਾਜ ਦੇ ੫੦% ਲੋਕਾਂ (ਇਸਤਰੀਆਂ) ਦਾ ਵਿਕਾਸ ਨਹੀਂ ਹੁੰਦਾ ਹੈ ਤਾਂ ਉਹ ਸਮਾਜ ਪੱਛੜ ਜਾਂਦਾ ਹੈ। ਇਹੀ ਕਾਰਨ ਹੈ ਕਿ ਗੁਰਬਾਣੀ ਵਿਚ ਇਸਤਰੀ ਨੂੰ ਖਾਸ ਤੌਰ ਤੇ ਮਾਣ ਦਿਤਾ ਗਿਆ ਹੈ। ਇਹ ਸੰਸਾਰ ਦੀ ਹੋਂਦ ਇਸਤਰੀ ਤੇ ਨਿਰਭਰ ਕਰਦੀ ਹੈ। ਇਸਤ੍ਰੀ ਤੋਂ ਜਨਮ ਲਈਦਾ ਹੈ, ਇਸਤ੍ਰੀ ਦੇ ਪੇਟ ਵਿਚ ਹੀ ਪ੍ਰਾਣੀ ਦਾ ਸਰੀਰ ਬਣਦਾ ਹੈ। ਇਸਤ੍ਰੀ ਰਾਹੀਂ ਕੁੜਮਾਈ ਤੇ ਵਿਆਹ ਹੁੰਦਾ ਹੈ। ਇਸਤ੍ਰੀ ਰਾਹੀਂ ਹੋਰ ਲੋਕਾਂ ਨਾਲ ਸੰਬੰਧ ਬਣਦਾ ਹੈ ਤੇ ਇਸਤ੍ਰੀ ਤੋਂ ਹੀ ਜਗਤ ਦੀ ਉਤਪੱਤੀ ਦਾ ਰਸਤਾ ਚੱਲਦਾ ਹੈ। ਜੇ ਇਸਤ੍ਰੀ ਮਰ ਜਾਏ ਤਾਂ ਹੋਰ ਇਸਤ੍ਰੀ ਦੀ ਭਾਲ ਕਰੀਦੀ ਹੈ, ਇਸਤ੍ਰੀ ਤੋਂ ਹੀ ਹੋਰਨਾਂ ਨਾਲ ਰਿਸ਼ਤੇਦਾਰੀ ਬਣਦੀ ਹੈ। ਜਿਸ ਇਸਤ੍ਰੀ ਜਾਤੀ ਤੋਂ ਰਾਜੇ ਵੀ ਜੰਮਦੇ ਹਨ, ਉਸ ਨੂੰ ਮੰਦਾ ਆਖਣਾ ਠੀਕ ਨਹੀਂ। ਇਸਤ੍ਰੀ ਤੋਂ ਹੀ ਇਸਤ੍ਰੀ ਪੈਦਾ ਹੁੰਦੀ ਹੈ, ਜਗਤ ਵਿਚ ਕੋਈ ਜੀਵ ਇਸਤ੍ਰੀ ਤੋਂ ਬਿਨਾ ਪੈਦਾ ਨਹੀਂ ਹੋ ਸਕਦਾ। ਕੇਵਲ ਇਕ ਸੱਚਾ ਅਕਾਲ ਪੁਰਖੁ ਹੀ ਹੈ, ਜੋ ਇਸਤ੍ਰੀ ਤੋਂ ਨਹੀਂ ਜੰਮਿਆ। ਭਾਵੇਂ ਮਰਦ ਹੋਵੇ, ਤੇ ਭਾਵੇਂ ਇਸਤ੍ਰੀ, ਜੋ ਵੀ ਆਪਣੇ ਮੂੰਹ ਨਾਲ ਸਦਾ ਅਕਾਲ ਪੁਰਖੁ ਦੇ ਗੁਣ ਗਾਉਂਦਾ ਰਹਿੰਦਾ ਹੈ, ਉਸ ਦੇ ਮੱਥੇ ਉੱਤੇ ਭਾਗਾਂ ਦੀ ਮਣੀ ਹੈ, ਭਾਵ ਉਹਦਾ ਮੱਥਾ ਭਾਗਾਂ ਵਾਲਾ ਹੈ। ਅਜੇਹੇ ਮੁੱਖ ਉਸ ਸੱਚੇ ਅਕਾਲ ਪੁਰਖੁ ਦੇ ਦਰਬਾਰ ਵਿਚ ਸੋਹਣੇ ਲੱਗਦੇ ਹਨ।

ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥ (੪੭੩)

ਧਰਮ ਸਾਂਝੀਵਾਲਤਾ ਦੀ ਸਿਖਿਆ ਦਿੰਦਾ ਹੈ, ਪਰੰਤੂ ਉਸ ਦੀ ਰੱਖਿਆ ਦੀ ਜੁਮੇਵਾਰੀ ਵੀ ਸਾਡੇ ਉੱਪਰ ਹੀ ਹੈ। ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਅਰਜਨ ਸਾਹਿਬ ਤਕ ਕਿਸੇ ਗੁਰੂ ਸਾਹਿਬ ਨੇ ਆਪਣੀ ਰੱਖਿਆ ਲਈ ਹਥਿਆਰ ਨਹੀਂ ਚੁਕੇ। ਪਰੰਤੂ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਤੋਂ ਬਾਅਦ ਗੁਰੂ ਹਰਗ ੋਬਿੰਦ ਸਾਹਿਬ ਨੇ ਪੀਰੀ ਤੇ ਮੀਰੀ ਦੀਆਂ ਦੋ ਕਿਰਪਾਨਾਂ ਪਹਿਨੀਆਂ। ਮਨੁੱਖ ਲਈ ਧਰਮ ਤੇ ਧਰਮ ਦੀ ਰੱਖਿਆ ਦੋਵੇਂ ਜਰੂਰੀ ਹਨ। ਇਹ ਵੀ ਧਿਆਨ ਵਿਚ ਰੱਖਣਾਂ ਹੈ ਕਿ ਧਰਮ ਪਹਿਲਾਂ ਹੈ, ਪੀਰੀ ਪਹਿਲਾਂ ਤੇ ਮੀਰੀ ਬਾਅਦ ਵਿਚ। ਮੀਰੀ (ਸ਼ਕਤੀ) ਦੀ ਕਿਰਪਾਨ ਸਿਰਫ ਪੀਰੀ (ਧਰਮ) ਦੀ ਸਹਾਇਤਾ ਦੇ ਲਈ ਹੈ। ਇਸ ਲਈ ਸਿੱਖ ਨੇ ਕਿਰਪਾਨ ਸਿਰਫ ਆਣੀ ਅਣਖ ਦੀ ਰੱਖਿਆ ਲਈ ਵਰਤਣੀ ਹੈ। ਕਿਰਪਾਨ ਦੀ ਵਰਤੋਂ ਉਸੇ ਧਰਮ (ਗੁਰੂ ਗਰੰਥ ਸਾਹਿਬ) ਦੀ ਰੱਖਿਆ ਲਈ ਹੈ, ਜਿਸ ਲਈ ਗੁਰੂ ਅਰਜਨ ਸਾਹਿਬ ਨੇ ਸ਼ਹੀਦੀ ਦਿਤੀ ਸੀ। ਪਹਿਲਾਂ ਦਰਬਾਰ ਸਾਹਿਬ ਬਣਾਇਆ ਗਿਆ ਤੇ ਫਿਰ ਅਕਾਲ ਤੱਖਤ ਸਾਹਿਬ ਉਸਾਰਿਆ ਗਿਆ। ਪਹਿਲਾਂ ਧਰਮ ਜਰੂਰੀ ਹੈ ਅਤੇ ਫਿਰ ਧਰਮ ਦੀ ਰੱਖਿਆ, ਭਾਵ ਰਾਜਨੀਤੀ ਤੇ ਪ੍ਰਬੰਧ ਚਲਾਉਂਣ ਦੀ ਵੀ ਲੋੜ ਹੈ। ਦਰਬਾਰ ਸਾਹਿਬ ਦਾ ਨਿਸ਼ਾਨ ਸਾਹਿਬ ਅਕਾਲ ਤੱਖਤ ਸਾਹਿਬ ਦੇ ਨਿਸ਼ਾਨ ਸਾਹਿਬ ਨਾਲੋਂ ਉੱਚਾ ਬਣਾਇਆ ਗਿਆ ਹੈ। ਕਿਉਂਕਿ ਸਮਾਜ ਤਾਂ ਹੀ ਚਲ ਸਕੇਗਾ ਜੇ ਕਰ ਧਰਮ ਰਾਜਨੀਤੀ ਤੋਂ ਉੱਪਰ ਹੈ, ਭਾਵ ਰਾਜਨੀਤੀ ਧਰਮ ਅਨੁਸਾਰ ਚਲਦੀ ਹੈ। ਸਾਰੇ ਸੰਸਾਰ ਵਿਚ ਅਸ਼ਾਂਤੀ ਤੇ ਬਰਬਾਦੀ ਦੇ ਕਾਰਨ ਇਹੀ ਹਨ ਕਿ ਅੱਜ ਕਲ ਰਾਜਨੀਤੀ ਧਰਮ ਦੇ ਉੱਪਰ ਹਾਵੀ ਹੋ ਗਈ ਹੈ।

ਗਉੜੀ ਮ; ੩ ॥ ਇਸੁ ਜੁਗ ਕਾ ਧਰਮੁ ਪੜਹੁ ਤੁਮ ਭਾਈ ॥ ਪੂਰੈ ਗੁਰਿ ਸਭ ਸੋਝੀ ਪਾਈ ॥ ਐਥੈ ਅਗੈ ਹਰਿ ਨਾਮੁ ਸਖਾਈ ॥੧॥ ਰਾਮ ਪੜਹੁ ਮਨਿ ਕਰਹੁ ਬੀਚਾਰੁ ॥ ਗੁਰ ਪਰਸਾਦੀ ਮੈਲੁ ਉਤਾਰੁ ॥੧॥ ਰਹਾਉ ॥ (੨੩੦)

ਹਰੇਕ ਕਰਮ ਸਦਾ ਥਿਰ ਰਹਿੰਣ ਵਾਲੇ ਅਕਾਲ ਪੁਰਖੁ ਦੇ ਨਾਮੁ ਰੂਪੀ ਅੰਮ੍ਰਿਤ ਤੋਂ ਘਟੀਆ ਹੈ, ਅਕਾਲ ਪੁਰਖੁ ਦੇ ਹੁਕਮੁ ਤੇ ਰਜ਼ਾ ਅਨੁਸਾਰ ਕੀਤੇ ਗਏ ਕਰਮ ਸਭ ਤਰ੍ਹਾਂ ਦੇ ਕੀਤੇ ਗਏ ਕਰਮਾਂ ਧਰਮਾਂ ਨਾਲੋਂ ਸ੍ਰੇਸ਼ਟ ਹਨ। ਅਕਾਲ ਪੁਰਖੁ ਦੇ ਨਾਮੁ ਵਿਚ ਹੀ ਸਾਰੀਆਂ ਧਾਰਮਿਕ ਰਸਮਾਂ ਆ ਜਾਂਦੀਆਂ ਹਨ, ਅਕਾਲ ਪੁਰਖੁ ਦੇ ਨਾਮੁ ਵਿਚ ਹੀ ਚੰਗੇ ਜੀਵਨ ਦੀ ਜਾਚ ਤੇ ਚੰਗਾ ਆਚਰਨ ਹੈ, ਇਸ ਲਈ ਗੁਰੂ ਗਰੰਥ ਸਾਹਿਬ ਵਿਚ ਅੰਕਿਤ ਗੁਰਬਾਣੀ ਦੁਆਰਾ ਅਕਾਲ ਪੁਰਖੁ ਦੇ ਗੁਣਾਂ ਬਾਰੇ ਵਿਚਾਰ ਕਰਨੀ ਚਾਹੀਦੀ ਹੈ ਤੇ ਉਨ੍ਹਾਂ ਅਨਮੋਲ ਗੁਣਾਂ ਨੂੰ ਆਪਣੇ ਜੀਵਨ ਦਾ ਹਿਸਾ ਬਣਾਣਾਂ ਚਾਹੀਦਾ ਹੈ।

ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ ॥ (੬੨)

“ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ”

——————–*********************———————-

Note:  Only Dr. Sarbjit Singh is aware if this article has been published somewhere else also.

ਨੋਟ :  ਵੈੱਬ ਸਾਇਟ ਤੇ ਛਪੇ ਲੇਖਾਂ ਵਿਚ ਲੇਖਕਾਂ ਦੇ ਅਪਣੇ ਵਿਚਾਰ ਹਨ । ਸੰਪਾਦਕੀ ਬੋਰਡ ਦਾ ਇਨ੍ਹਾਂ ਨਾਲ ਪੂਰੀ ਤਰ੍ਹਾਂ  ਸਹਿਮਤ ਹੌਣਾ ਜ਼ਰੂਰੀ ਨਹੀਂ ਹੈ ।