ਗੁਰਬਾਣੀ ਵਿੱਚ ਅੱਖਰਾਂ ਪੈਰੀਂ ਬਿੰਦੀਆਂ ਕਿਉਂ ਨਹੀਂ ? ( ਲੇਖਕ – ਪ੍ਰੋ. ਕਸ਼ਮੀਰਾ ਸਿੰਘ, ਯੂ. ਐੱਸ. ਏ)

ਗੁਰਬਾਣੀ ਦਾ ਰਚਨ-ਕਾਲ਼ ਸੰਨ ੧੬੭੫ ਵਿੱਚ ਸ਼੍ਰੀ ਗੁਰੂ ਤੇਗ਼ ਬਹਾਦੁਰ ਪਾਤਿਸ਼ਾਹ ਜੀ ਬਾਣੀ ਨਾਲ਼ ਸਮਾਪਤ ਹੋ ਜਾਂਦਾ ਹੈ। ਇਸ ਸਮੇ ਤਕ ਪੰਜਾਬੀ ਭਾਸ਼ਾ ਵਿੱਚ ਨਾ ਤਾਂ ਅੱਧਕ ( ੱ )  ਦਾ ਚਿੰਨ੍ਹ ਸੀ ਅਤੇ ਨਾ ਹੀ ਅੱਖਰਾਂ ਦੇ ਪੈਰੀਂ ਬਿੰਦੀਆਂ ਦੇ ਚਿੰਨ੍ਹ ਸਨ। ਪੰਜਾਬੀ ਭਾਸ਼ਾ ਦੀ ਗੁਰਮੁਖੀ ਲਿੱਪੀ ਵਿੱਚ ਕੇਵਲ ੩੫ ਅੱਖਰ (a ਤੋਂ ੜ), ੧੦ ਲਗਾਂ ( ਮੁਕਤਾ, ਾਂ, ,ਿ ੀ,  ੁ  ,  ੂ  ,  ੇ ,  ੈ,  ੋ,  ੌ ) ਅਤੇ ਦੋ ਲਗਾਖਰ ( ਬਿੰਦੀ ਅਤੇ ਟਿੱਪੀ) ਹੀ ਸਨ। ਇਨ੍ਹਾਂ ਤੋਂ ਬਿਨਾਂ ਅੱਖਰਾਂ ਦੇ ਪੈਰੀਂ ਹਲੰਤ ਅਤੇ ਕੁੱਝ ਅੱਧੇ ਅੱਖਰਾਂ ਦੀ ਵਰਤੋਂ ਵੀ ਸੀ।

           ਪੰਜਾਬੀ ਅੱਖਰਾਂ ਦੇ ਪੈਰੀਂ ਬਿੰਦੀਆਂ ਦੀ ਵਰਤੋਂ ਆਧੁਨਿਕ ਪੰਜਾਬੀ ਦੀ ਦੇਣ ਹੈ। ਭਾਈ ਵੀਰ ਸਿੰਘ ( ਜੀਵਨ-ਕਾਲ਼ ੧੮੭੨ ਤੋਂ ੧੯੫੭) ਦੀਆਂ ਲਿਖਤਾਂ ਵਿੱਚ ਪੈਰੀਂ ਬਿੰਦੀਆਂ ਅਤੇ ਅੱਧਕ ਦੇ ਚਿੰਨ੍ਹ ਦੀ ਵਰਤੋਂ ਕੀਤੀ ਮਿਲ਼ਦੀ ਹੈ, ਜਿਵੇਂ,  ‘ਬਿਜਲੀਆਂ ਦੇ ਹਾਰ’ ਪੁਸਤਕ ਵਿੱਚ ਹੇਠ ਲਿਖੀਆਂ ਸਤਰਾਂ ਦੇਖੀਆਂ ਜਾ ਸਕਦੀਆਂ ਹਨ ਜਿਨ੍ਹਾਂ ਵਿੱਚ ਅੱਖਰਾਂ ਨਾਲ਼ ਅੱਧਕ ਅਤੇ ਪੈਰ ਬਿੰਦੀਆਂ ਲੱਗੀਆਂ ਹੋਈਆਂ ਹਨ:-

ਨਾਮ ਜੀਭ ਤੋਂ ਕਦੇ ਜਿ ਹੋਇ ਉਹਲੇ,

ਸੂਰਤ ਦੇਹ ਤੋਂ, ਸ਼ਾਲਾ ! ਤਦ ਹੋਇ ਉਹਲੇ ।

ਉਹੋ ਸੁਹਾਵਾ ਹੱਥ ਹੈ ਸ਼ਾਹ ਮੇਰੇ ਦਾ ਹੱਥ,

ਸੂਰਜ ਰਿਸ਼ਮ ਪੁਰੋਤੜਾ ਹੇਠਾਂ ਉਤਰਯਾ ਆਣ,

ਸੁੰਞਾਂ ਅੱਜ ਬਗ਼ੀਚੇ ਸਾਡੇ

ਇੰਦਰ ਨੇ ਵਰਤਾਈਆਂ ।

ਗਲ ਪੱਲੜੂ ਤੇ ਮੂੰਹ ਘਾ ਢੋਲਾ !

ਬਾਂਦੀ ਤੇਰੀਆਂ, ਤਰੁੱਠ ਕੇ ਆ ਢੋਲਾ !

ਫੜਿਆ ਪੱਲੜੂ ਨ ਛੁਡਾ ਢੋਲਾ,

ਤੂੰ ਉੱਚਾ ਨਹੀਂ ਸੁਹਣਿਆਂ,

ਤੂੰ ਚੁੱਚਾ ਜਾਂ ਲੁੱਚਾ ।

ਛੱਤ ਉੱਤੇ ਚੜ੍ਹ ਬੈਠਿਆ !

ਨਾ ਸਮਝੀਂ ਮੈਂ ਨ ਉੱਚਾ

੩੫ ਅੱਖਰੀ ਵਰਨਮਾਲ਼ਾ ਵਿੱਚ ਹੁਣ ਤਕ ਕੀ ਤਬਦੀਲੀ ਹੋਈ? 

ਅੱਖਰ ੪੧ ਬਣ ਗਏ। ਨਵੇਂ ੬ ਅੱਖਰ, ੩੫ ਅੱਖਰਾਂ ਿਵੱਚੋਂ ਹੀ, ਲ਼ੈ ਕੇ ਉਨ੍ਹਾਂ ਦੇ ਪੈਰੀਂ ਬਿੰਦੀਆਂ ਲਗਾਅ ਦਿੱਤੀਆਂ ਗਈਆਂ। ਇਹ ਨਵੇਂ ਅੱਖਰ ਆਧੁਨਿਕ ਪੰਜਾਬੀ ਵਿੱਚ ਸ਼, ਖ਼, ਗ਼, ਜ਼, ਫ਼ ਅਤੇ ਲ਼ ਬਣ ਗਏ। ਨੋਟ: ਗੁਰਬਾਣੀ ਦੀਆਂ ਸਾਰੀਆਂ ਧੁਨੀਆਂ ਨੂੰ ਸਪੱਸ਼ਟ ਬੋਲਣ ਲਈ ੬ ਹੋਰ ਅੱਖਰ ਹਨ ਜਿਨ੍ਹਾਂ ਨੂੰ ਹੁਣ ਤਕ ਅੱਖੋਂ ਪਰੋਖੇ ਕੀਤਾ ਹੋਇਆ ਹੈ। ਉਹ ਅੱਖਰ ਹਨ- aæ, ਅæ, eæ, ਹæ, ਕæ, ਅਤੇ ਤæ

ਪੈਰ ਬਿੰਦੀਆਂ ਵਾਲ਼ੇ ਅੱਖਰਾਂ ਦੀ ਵੱਖਰੀ ਲੋੜ ਕਿਉਂ ਪਈ? ਗੁਰੂ-ਕਾਲ਼ ਸਮੇਂ ਗੁਰਬਾਣੀ ਦੇ ਪੈਂਤੀ ਅੱਖਰਾਂ ਵਿੱਚੋਂ ਕੁੱਝ ਅੱਖਰਾਂ ਦੀਆਂ ਸਮੇਂ ਦੀ ਭਾਸ਼ਾ ਅਨੁਸਾਰ ਦੋਹਰੀਆਂ ਧੁਨੀਆਂ ਬੋਲੀਆਂ ਜਾਂਦੀਆਂ ਸਨ। ਇਨ੍ਹਾਂ ਦੋਹਰੀਆਂ ਧੁਨੀਆਂ ਨਾਲ਼ ਪ੍ਰਚੱਲਤ ਹੋ ਚੁੱਕੇ ਵੱਖ-ਵੱਖ ਭਾਸ਼ਾਵਾਂ ਦੇ ਸ਼ਬਦਾਂ ਨੂੰ ਬੋਲਿਆ ਜਾਂਦਾ ਸੀ। ਪ੍ਰਚੱਲਤ ਹੋ ਚੁਕੇ ਸ਼ਬਦ ਸਨ ,ਜਿਵੇਂ:- ਬਾਦਿਸ਼ਾਹ, ਸ਼ਿਕਾਰ, ਸ਼ਿੰਗਾਰ, ਕ੍ਰਿਸ਼ਨ, ਵਿਸ਼ਣੂ/ਬਿਸ਼ਨ, ਸ਼ਿਆਮ, ਜਸ਼ਰਥ (ਦਸ਼ਰਥ), ਸ਼ਿਵ, ਸ਼੍ਰਵਣ ਆਦਿਕ ਜਿਨ੍ਹਾਂ ਵਿੱਚ /ਸ/ ਦੀ ਦੁਹਰੀ ਧੁਨੀ/ਸ਼/ ਬੋਲੀ ਜਾਂਦੀ ਸੀ। ਓਸ ਸਮੇਂ ਆਮ ਪਾਠਕ ਇਨ੍ਹਾਂ ਤੋਂ ਜਾਣੂ ਸਨ ਕਿਉਂਕਿ ਗੁਰੂ ਜੀ ਖ਼ੁਦ ਅਗਵਾਈ ਵੀ ਕਰਦੇ ਸਨ। ਸੰਨ ੧੭੦੮ ਤੋਂ ਬਾਅਦ ਜਿਵੇਂ ਸਮਾਂ ਬੀਤਦਾ ਗਿਆ ਅਤੇ ਗੁਰੂ ਜੀ ਦੇ ਨਿਕਟਵਰਤੀ ਸਿੱਖ ਸ਼ਹੀਦੀਆਂ ਪਾ ਗਏ ਜਾਂ ਚਲਾਣਾ ਕਰਦੇ ਗਏ ਤਾਂ ਗੁਰ-ਅਗਵਾਈ ਤੋਂ ਬਿਨਾਂ ਸਿੱਖਾਂ ਵਿੱਚ ਪੈਰ ਬਿੰਦੀਆਂ ਬੋਲਣ ਪ੍ਰਤੀ ਸ਼ੰਕੇ ਪੈਦਾ ਹੋਣੇ ਸ਼ੁਰੂ ਹੋ ਗਏ ਜੋ ਹੁਣ ਤਕ ਜਾਰੀ ਹਨ। ਡੇਰਾਵਾਦ ਵਲੋਂ ਵੀ ਇਹ ਕਹਿ ਕੇ ਭਰਮ ਪੈਦਾ ਕੀਤਾ ਗਿਆ ਕਿ ਪੈਰ ਬਿੰਦੀਆਂ ਨਹੀਂ ਬੋਲਣੀਆਂ ਕਿਉਂਕਿ ਲੱਗੀਆਂ ਨਹੀਂ ਹਨ ਅਤੇ ਇਹ ਭਰਮ ਹੁਣ ਤਕ ਚੱਲ ਰਿਹਾ ਹੈ, ਭਾਵੇਂ, ਅਜਿਹੇ ਭਰਮ ਨਾਲ਼ ਗ਼ਲਤ ਪਾਠ ਹੀ ਕੀਤਾ ਜਾ ਸਕਦਾ ਹੈ, ਸ਼ੁੱਧ ਨਹੀਂ। ਗੁਰਬਾਣੀ ਵਿੱਚ ਅੱਧਕ ਦਾ ਚਿੰਨ੍ਹ ਪ੍ਰਤੱਖ ਤੌਰ ਉੱਤੇ ਲੱਗਾ ਨਾ ਹੋਣ ਕਰ ਕੇ ਵੀ ਇਸ ਦੀ ਧੁਨੀ ਨੂੰ ਬੋਲਣ ਤੋਂ ਬਿਨਾਂ ਸ਼ਬਦ ਉੱਚਾਰਣ ਸਹੀ ਨਹੀਂ ਹੁੰਦਾ, ਇਵੇਂ ਹੀ ਪੈਰ ਬਿੰਦੀਆਂ ਵਾਲ਼ੇ ਸ਼ਬਦਾਂ ਨੂੰ ਵੀ ਬਿੰਦੀ ਸਮੇਤ ਬੋਲਣ ਤੋਂ ਬਿਨਾਂ ਪਾਠ ਸਹੀ ਨਹੀਂ ਹੁੰਦਾ।

ਕੀ ਗੁਰਬਾਣੀ ਰਚਨ-ਕਾਲ਼ ਵਿੱਚ ਹੋਰ ਭਾਸ਼ਾਵਾਂ ਵਿੱਚ ਦੁਹਰੇ ਅੱਖਰ (ਪੈਰੀਂ ਬਿੰਦੀਆਂ ਵਾਲ਼ੇ ਅੱਖਰਾਂ ਲਈ ਚਿੰਨ੍ਹ) ਬਣੇ ਹੋਏ ਸਨ?

ਉੱਤਰ ‘ਹਾਂ’ ਵਿੱਚ ਹੈ।

ਗੁਰਬਾਣੀ ਵਿੱਚ ਪੰਜਾਬੀ ਤੋਂ ਬਿਨਾਂ ਅਰਬੀ, ਫ਼ਾਰਸੀ, ਹਿੰਦੀ ਅਤੇ ਸੰਸਕ੍ਰਿਤ ਭਾਸ਼ਾਵਾਂ ਦੇ ਸ਼ਬਦ ਹਨ ਜੋ ਉੱਚਾਰਣ ਨੂੰ ਪ੍ਰਭਾਵਤ ਕਰਦੇ ਹਨ, ਭਾਵੇਂ. ਹੋਰ ਵੀ ਕਈ ਭਾਸ਼ਾਵਾਂ, ਜਿਵੇਂ, ਸਿੰਧੀ, ਮਰਾਠੀ, ਡਿੰਗਲ, ਕਸ਼ਮੀਰੀ ਆਦਿਕ ਦੇ ਸ਼ਬਦ ਵੀ ਗੁਰਬਾਣੀ ਵਿੱਚ ਮਿਲ਼ਦੇ ਹਨ। ਅਰਬੀ ਅਤੇ ਫ਼ਾਰਸੀ ਕੋਲ਼ ੧੧ ਅੱਖਰ ਦੁਹਰੇ ਸਨ ਜਿਨ੍ਹਾਂ ਦੀਆਂ ਆਵਾਜ਼ਾਂ ਪ੍ਰਚੱਲਤ ਸਨ। ਉਰਦੂ ਭਾਸ਼ਾ ਕੋਲ਼ ਵੀ ਇਹ ਦੁਹਰੇ ਅੱਖਰ ਹਨ। ਸੰਸਕ੍ਰਿਤ ਭਾਸ਼ਾ ਕੋਲ਼ ਵੀ /ਸ/ ਅਤੇ /ਸ਼/ ਲਈ ਵੱਖ-ਵੱਖ  ਅੱਖਰ ਸਨ।

ਪੁਰਾਤਨ ਲਿਖਣ ਸ਼ੈਲੀ ਦੀਆਂ ਕੁੱਝ ਉਦਾਹਰਣਾਂ:- 

੧. ‘ਸ਼ੇਰ’  ਸ਼ਬਦ ਲਿਖਣ ਲਈ ਫ਼ਾਰਸੀ ਕੋਲ਼ ਸ਼ੀਨ ਅਤੇ ਸੰਸਕ੍ਰਿਤ ਕੋਲ਼ ੨੧ ਵਾਲ਼ਾ ਸ਼ਸ਼ਾ ਸੀ। ਪੰਜਾਬੀ ਭਾਸ਼ਾ ਕੋਲ਼ /ਸ/ ਹੀ ਸੀ ਜਿਸ ਕਰਕੇ /ਸ਼ੇਰ/ ਨੂੰ /ਸੇਰ/ ਹੀ ਲਿਖਿਆ ਗਿਆ ਜੋ ਪੜ੍ਹਨ ਵਿੱਚ ‘ਸ਼ੇਰ’ ਬੋਲਿਆ ਜਾਂਦਾ ਸੀ। ਗੁਰਬਾਣੀ ਵਿਚ ‘ਸੇਰ’ ਸ਼ਬਦ ਵੀ ਹੈ ਜੋ /ਸ/ ਵਾਲ਼ਾ ਹੈ।

੨, ‘ਆਸ਼ਕ’  ਸ਼ਬਦ ਫ਼ਾਰਸੀ ਵਿੱਚ ਇਸੇ ਤਰ੍ਹਾਂ ਹੀ ਲਿਖਿਆ ਜਾਂਦਾ ਸੀ ਕਿਉਂਕਿ ਇਹ ਫ਼ਾਰਸੀ ਦਾ ਹੀ ਸ਼ਬਦ ਹੈ। ਸੰਸਕ੍ਰਿਤ ਵਿੱਚ /ਸ਼/ ਨਾਲ਼ ਲਿਖਿਆ ਜਾਂਦਾ ਸੀ ਪਰ ਪੰਜਾਬੀ ਵਿੱਚ ‘ਆਸਕ’ ਲਿਖਿਆ ਗਿਆ ਕਿਉਂਕਿ ਪੰਜਾਬੀ ਕੋਲ਼ ਦੁਹਰੇ ਅੱਖਰ ਨਹੀਂ ਸਨ। ‘ਆਸਕ’ ਨੂੰ ਪੜ੍ਹਿਆ ‘ਆਸ਼ਕ’ ਹੀ ਜਾਂਦਾ ਸੀ।

੩. ‘ਇਸ਼ਕੁ’  ਸ਼ਬਦ ਫ਼ਾਰਸੀ ਦਾ ਹੈ ਜਿਸ ਵਿੱਚ ਇਸੇ ਤਰ੍ਹਾਂ ਲਿਖਣ ਵਿੱਚ ਕੋਈ ਔਕੜ ਨਹੀਂ। ਗੁਰਬਾਣੀ ਵਿੱਚ ‘ਇਸਕੁ’ ਹੀ ਲਿਖਿਆ ਜਾ ਸਕਦਾ ਸੀ ਕਿਉਂਕਿ ਦੁਹਰੇ ਅੱਖਰਾਂ ਦੀ ਅਣਹੋਂਦ ਸੀ। ‘ਇਸ਼ਕੁ’ ਸ਼ਬਦ ਨੂੰ ਬੋਲਦਿਆਂ ਇਸ ਦੀਆਂ ਧੁਨੀਆਂ ਮਾਰੀਆਂ ਨਹੀਂ ਜਾਂਦੀਆਂ ਸਨ।

੪. ‘ਖ਼ਤੇ’  ਸ਼ਬਦ ਨੂੰ ਅਰਬੀ ਭਾਸ਼ਾ ਵਿੱਚ ਇਸੇ ਤਰ੍ਹਾਂ ਹੀ ਲਿਖਿਆ ਅਤੇ ਬੋਲਿਆ ਜਾਂਦਾ ਸੀ। ਗੁਰਬਾਣੀ ਵਿੱਚ ਇਸ ਨੂੰ ‘ਖਤੇ’ ਹੀ ਲਿਖਿਆ ਗਿਆ ਕਿਉਂਕਿ ਦੁਹਰੇ ਅੱਖਰ ਅਰਬੀ ਭਾਸ਼ਾ ਵਾਂਙ ਪੰਜਾਬੀ ਵਿੱਚ ਨਹੀਂ ਸਨ। ਇਹ ਗਿਆਨ ਨਾ ਹੋਣ ਤੇ ਭੁਲੇਖੇ ਵਿੱਚ ‘ਖ਼ਤੇæ’ ਸ਼ਬਦ ਨੂੰ ‘ਖੱਤੇ’ ਹੀ ਪੜ੍ਹਿਆ ਜਾ ਰਿਹਾ ਹੈ। ਖ਼ਤੇ- ਪਾਪ। ਖੱਤੇ- ਖੇਤ।

ਕੁੱਝ ਕੁ ਸ਼ਬਦ-ਜੋੜ, ਜਿਨ੍ਹਾਂ ਦਾ ਪਾਠ ਅਤੇ ਅਰਥ ਵੱਖ-ਵੱਖ ਹਨ, ਪਛਾਣਨ ਦੀ ਲੋੜ ਹੈ, ਜਿਵੇਂ:- ਜਸੁ  (ਜੈਸਾ)- ਜਸ਼ ( ਸਿਫ਼ਤਿ)। ਸ੍ਰਵਣ (ਥਣ)- ਸ਼੍ਰਵਣ (ਕੰਨ)। ਜਨ (ਦਾਸ)-ਜ਼ਨ (ਔਰਤ)। ਜਰ (ਬੁਢੇਪਾ)- ਜ਼ਰ (ਸੋਨਾ, ਧਨੁ ਦੌਲਤ)। ਬੇਗਮ (ਤੁਰਕੀ ਭਾਸ਼ਾ ਵਿੱਚ ਬੇਗ ਦੀ ਇਸਤਰੀ)- ਬੇ ਗ਼ਮ ( ਗ਼ਮ ਤੋਂ ਬਿਨਾਂ)। ਪਾਸਾ (ਕੋਲ਼) – ਪਾਸ਼ਾ (ਚੌਪੜ ਦੀ ਖੇਡ ਦਾ ਡਾਈਸ)। ਸਾਰਿ (ਸੰਭਾਲ਼)-ਸ਼ਾਰਿ (ਨਰਦ)।

ਪੈਰ ਬਿੰਦੀਆਂ ਬੋਲਣ ਤੋਂ ਬਿਨਾਂ ਉੱਚਾਰਣ ਰੁੱਖਾ ਹੁੰਦਾ ਹੈ , ਕੁੱਝ ਕੁ ਉਦਾਹਰਣਾ , ਜਿਵੇਂ:-

ਗੋਸ਼ ਦਾ ਗੋਸ, ਬਾਦਿਸ਼ਾਹ ਦਾ ਬਾਦਿਸਾਹ, ਪਾਤਿਸ਼ਾਹ ਦਾ ਪਾਤਿਸਾਹ, ਦਰਸ਼ਨ ਦਾ ਦਰਸਨ, ਅਜ਼ਰਾਈਲ ਦਾ ਅਜਰਾਈਲ, ਸ਼ੋਭਾ ਦਾ ਸੋਭਾ, ਸ਼ਲੋਕ ਦਾ ਸਲੋਕ, ਸ਼ਾਬਾਸ਼ ਦਾ ਸਬਾਸ, ਇਸ਼ਕ ਦਾ ਇਸਕ, ਆਸ਼ਕ ਦਾ ਆਸਕ, ਸ਼੍ਰੀ/ਸ਼ਿਰੀ ਦਾ ਸਿਰੀ, ਸੀਂਗਾਰ ਦਾ ਸੀਗਾਰ, ਕ੍ਰਿਸ਼ਨ ਦਾ ਕ੍ਰਿਸਨ, ਸ਼ਿਵ ਦਾ ਸਿਵ, ਸ਼ਕਤੀ ਦਾ ਸਕਤੀ, ਸ਼ਾਂਤਿ ਦਾ ਸਾਂਤਿ, ਬਖ਼ਸ਼ਸ਼ ਦਾ ਬਖਸਸ, ਸ਼ੁਮਾਰ ਦਾ ਸੁਮਾਰ, ਜ਼ੋਰ ਦਾ ਜੋਰ, ਮਸ਼ੱਕਤਿ ਦਾ ਮਸੱਕਤਿ, ਸ਼ਬਦ ਦਾ ਸਬਦ, ਸ਼ਾਹਾ ਦਾ ਸਾਹਾ ਉੱਚਾਰਣ ਰੁੱਖਾ ਅਤੇ ਅਸ਼ੁੱਧ ਹੈ ਜੋ ਪਾਠੀ ਦੀ ਭਾਸ਼ਾਈ ਗਿਆਨ ਪੱਖੋਂ ਊਣਤਾਈ ਪ੍ਰਗਟ ਕਰਦਾ ਹੈ। 

ਨੋਟ: ਮਿਹਨਤ ਨਾਲ਼ ਗੁਰਬਾਣੀ ਵਿੱਚ ਵਰਤੇ ਸ਼ਬਦ-ਜੋੜਾਂ ਦੀਆਂ ਭਾਸ਼ਾਵਾਂ ਦਾ  ਗਿਆਨ ਪ੍ਰਾਪਤ ਕਰਨ ਦੀ ਥਾਂ ਇਹ ਕਹਿਣਾ ਕਿ ਪੈਰ ਬਿੰਦੀਆਂ ਬੋਲਣਾ ਪਾਪ ਹੈ , ਨਿਰੀ ਅਗਿਆਨਤਾ ਅਤੇ ਢਿੱਲੜਪੁਣਾ ਹੈ। ੧੪ ਸਾਲਾਂ ਦੀ ਮਿਹਨਤ ਨਾਲ਼ ਬਣਾਏ ਭਾਈ ਕਾਨ੍ਹ ਸਿੰਘ ਨਾਭਾ ਰਚਿਤ ਮਹਾਨ ਕੋਸ਼ ਦੀ ਵਰਤੋਂ ਕਰਨ ਨਾਲ਼ ਇਹ ਭਾਸ਼ਾਈ ਗਿਆਨ ਪ੍ਰਾਪਤ ਹੋ ਸਕਦਾ ਹੈ ਅਤੇ ਸ਼ੁੱਧ ਉੱਚਾਰਣ ਵਲ ਠੋਸ ਕਦਮ ਪੁੱਟਿਆ ਜਾ ਸਕਦਾ ਹੈ। ਭਾਈ ਜੋਗਿੰਦਰ ਸਿੰਘ ਤਲਵਾੜਾ ਦੀ ਲਿਖੀ ਪੁਸਤਕ ਗੁਰੂ ਗ੍ਰੰਥ ਪਾਠ ਬੋਧ ਭਾਗ ੨ ਵੀ ਪੜ੍ਹਨ ਯੋਗ ਹੈ ਜਿਸ ਵਿੱਚ ਪੈਰ ਬਿੰਦੀਆਂ ਦੀ ਮਹਾਨਤਾ ਦਰਸ਼ਾਈ ਗਈ ਹੈ।

_______________***************_______________

Note:  Only Professor Kashmira Singh is aware if this article has been published somewhere else also.

ਨੋਟ :  ਵੈੱਬ ਸਾਇਟ ਤੇ ਛਪੇ ਲੇਖਾਂ ਵਿਚ ਲੇਖਕਾਂ ਦੇ ਅਪਣੇ ਵਿਚਾਰ ਹਨ । ਸੰਪਾਦਕੀ ਬੋਰਡ ਦਾ ਇਨ੍ਹਾਂ ਨਾਲ ਪੂਰੀ ਤਰ੍ਹਾਂ  ਸਹਿਮਤ ਹੌਣਾ ਜ਼ਰੂਰੀ ਨਹੀਂ ਹੈ ।