ਗੁਰਪੁਰਬ ਦੇ ਨਾਲ਼ ਗੁਰੂ ਨੂੰ ਵੀ ਮਨਾਓ! ( ਲੇਖਕ – ਪ੍ਰੋ.ਕਸ਼ਮੀਰਾ ਸਿੰਘ, ਯੂ ਐੱਸ ਏ)

(Editor’s Note:  ਇਸ ਲੇਖ ਵਿਚ ਪ੍ਰੋਫੈਸਰ ਕਸ਼ਮੀਰਾ  ਸਿੰਘ ਜੀ ਭਗੌਤੀ ਸ਼ਬਦ ਦੇ ਅਰਥ ਇੱਕੋ ਮੰਨੀ ਬੈਠੇ ਹਨ ਪਰ ਇਹ ਸ਼ਬਦ ਨੂੰ ਸਿਰਫ ਹਿੰਦੂਆਂ ਦੀ ਦੇਵੀ ਹੀ ਸਮਝਣਾ ਠੀਕ ਨਹੀਂ ਕਿਓੰਕੇ ਗੁਰਬਾਣੀ ਵਿਚ ਵੀ ਇਸਦੇ ਅਰਥ ਭਗਵਾਨ ਤੋਂ ਹੈ ਅਤੇ ਇਸ ਤੋਂ ਬਿਨਾ ਗੁਰਬਾਣੀ ਵਿਚ ਮੁਰਾਰ, ਗੋਪਾਲਾ ਤੇ ਕ੍ਰਿਸ਼ਨ ਆਦਿ ਸ਼ਬਦ ਹਿੰਦੂਆਂ ਦੇ ਦੇਵਤੇ ਲਈ ਨਹੀਂ ਬਲਕਿ ਅਕਾਲਪੁਰਖ ਲਈ ਵਰਤੇ ਗਏ ਹਨ ੧ ਕੀ ਸਾਨੂੰ ਉਨ੍ਹਾਂ ਸ਼ਬਦਾਂ ਚੋਂ ਹਿੰਦੁ ਦੇਵਤਿਆਂ ਦੀ ਝਲਕ ਵੇਖਣੀ ਹੈ? ਇਸ ਦਾ ਉੱਤਰ ਹੈ, ਨਹੀਂ | ਮੇਰੇ ਮੁਤਾਬਿਕ ਸਿਖ ਪਹਿਲਾ ਏਕੰਕਾਰ ਨੂੰ ਧਿਆਕੇ ਫੇਰ ਸ੍ਰੀ ਗੁਰੂ ਨਾਨਕ ਜੀ  ਦਾ ਧਿਆਨ (ਯਾਦ) ਕਰਦੇ ਹਨ ਤੇ ਫੇਰ ਬਾਕੀ ਗੁਰੂ ਸਾਹਿਬਾਨ ਨੂੰ ਜਿਵੇਂ ਉਹ ਸਭ ਸਾਡੀ ਅਰਦਾਸ ਦਾ ਹਿੱਸਾ ਹਨ | ਜਿਵੇਂ ਅਸੀਂ ‘ਕ੍ਰਿਸ਼ਨ’ ਜਾ ‘ਰਾਮ’ ਸ਼ਬਦਾਂ ਨੂੰ ਗੁਰਬਾਣੀ ਚ ਪੜ੍ਹਕੇ ਹਿੰਦੂਆਂ ਦੇ ਕ੍ਰਿਸ਼ਨ ਜਾਂ ਰਾਮ ਨੂੰ ਨਹੀਂ ਯਾਦ ਕਰਦੇ ਇਸੇ ਤਰਾਂ ਭਗੌਤੀ ਨੂੰ ਸਿਮਰਦਿਆਂ ਦੁਰਗਾ ਨੂੰ ਨਹੀਂ ਬਲਕਿ ਏਕੰਕਾਰ ਨੂੰ ਧੀਆਂਦੇ ਹਾਂ|
ਮਿਸਾਲ
ਤਰ ਤਾਰਿ ਅਪਵਿਤ੍ਰ ਕਰਿ ਮਾਨੀਐ ਰੇ ਜੈਸੇ ਕਾਗਰਾ ਕਰਤ ਬੀਚਾਰੰ ॥
ਭਗਤਿ ਭਾਗਉਤੁ ਲਿਖੀਐ ਤਿਹ ਊਪਰੇ ਪੂਜੀਐ ਕਰਿ ਨਮਸਕਾਰੰ ॥੨॥
ਅਰਥ :ਤਾੜੀ ਦੇ ਰੁੱਖ ਅਪਵਿਤ੍ਰ ਮੰਨੇ ਜਾਂਦੇ ਹਨ, ਉਸੇ ਤਰ੍ਹਾਂ ਹੀ ਉਹਨਾਂ ਰੁੱਖਾਂ ਤੋਂ ਬਣੇ ਹੋਏ ਕਾਗ਼ਜ਼ਾਂ ਬਾਰੇ ਲੋਕ ਵਿਚਾਰ ਕਰਦੇ ਹਨ (ਭਾਵ, ਉਹਨਾਂ ਕਾਗ਼ਜ਼ਾਂ ਨੂੰ ਭੀ ਅਪਵਿਤ੍ਰ ਸਮਝਦੇ ਹਨ),
        ਪਰ ਜਦੋਂ ਭਗਵਾਨ ਦੀ ਸਿਫ਼ਤ-ਸਾਲਾਹ ਉਹਨਾਂ ਉਤੇ ਲਿਖੀ ਜਾਂਦੀ ਹੈ ਤਾਂ ਉਹਨਾਂ ਦੀ ਪੂਜਾ ਕੀਤੀ ਜਾਂਦੀ ਹੈ ॥੨॥ (ਸ੍ਰੀ ਗੁਰੂ ਗਰੰਥ ਸਾਹਿਬ ਜੀ ੧੨੯੩)
        ਇਹ ਲੇਖ ਅੱਸੀ ਤਾਂ ਸ਼ਾਪ ਰਹੇ ਹੈਂ ਤਾਕਿ ਪਾਠਕ ਸਮਝ ਲੈਣ ਕੇ ਕੁਝ ਸਿੱਖ ‘ਭਗੌਤੀ’ ਦੇ ਅਰਥ ਸਿਰਫ ਹਿੰਦੁ ਦੇਵੀ ਦੁਰਗਾ ਸਮਝਦੇ ਹਨ ਜੋ ਸਹੀ ਨਹੀਂ |)

 

੨੩ ਨਵੰਬਰ ੨੦੧੮ ਨੂੰ ਪਹਿਲੇ ਸਤਿਗੁਰੂ ਜੀ ਦਾ ਪ੍ਰਕਾਸ਼ ਦਿਹਾੜਾ ਸਮੂਹ ਜਗਤ ਵਿੱਚ ਸਿੱਖ ਸ਼ਰਧਾ ਭਾਵਨਾ ਨਾਲ਼ ਮਨਾਉਣਗੇ । ਰਾਗੀ, ਢਾਢੀ, ਪ੍ਰਚਾਰਕ ਆਦਿਕ ਸੱਭ ਗੁਰੂ ਨਾਨਕ ਪਾਤਿਸ਼ਾਹ ਜੀ ਦੀਆਂ ਸਿਫ਼ਤਾਂ ਕਰਦੇ ਹੋਏ ਉਹ: –
a). ਗੁਰੂ ਨਾਨਕ ਪਾਤਿਸ਼ਾਹ ਜੀ ਨੂੰ ਸੱਭ ਤੋਂ ਵੱਡਾ ਆਖਣਗੇ:
ਕਈ ਬੁਲਾਰੇ ਗੁਰਬਾਣੀ ਵਿੱਚੋਂ “ਸਭ ਤੇ ਵਡਾ ਸਤਿਗੁਰੁ ਨਾਨਕੁ ਜਿਨਿ ਕਲ ਰਾਖੀ ਮੇਰੀ॥”{ਗਗਸ ਪੰਨਾਂ ੭੫੦} ਪੰਕਤੀ ਦੇ ਅਰਥ ਸੰਗਤਾਂ ਨਾਲ਼ ਸਾਂਝੇ ਕਰਨਗੇ ਕਿ ਸਤਿਗੁਰੂ ਨਾਨਕ ਪਾਤਿਸ਼ਾਹ ਜੀ ਸੱਭ ਤੋਂ ਵੱਡੇ ਹਨ ਜਿਹਾ ਕਿ ਪੰਕਤੀ ਵਿੱਚ ਪੰਜਵੇਂ ਗੁਰੂ ਜੀ ਨੇ ਬਖ਼ਸ਼ਸ਼ ਕਰਦਿਆਂ ਕਿਹਾ ਹੈ । 
ਅ). ਗੁਰੂ ਨਾਨਕ ਪਾਤਿਸ਼ਾਹ ਦੀ ਕਮਾਈ ਬਹੁਤ ਵੱਡੀ ਕਹਿਣਗੇ:
ਕੋਈ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚੋਂ “ਸਿਧ ਬੋਲਨਿ ਸੁਭ ਬਚਨ ਧੰਨੁ ਨਾਨਕ ਤੇਰੀ ਵਡੀ ਕਮਾਈ॥” ਵਾਲ਼ੀ ਪਉੜੀ ਨੂੰ ਕੀਰਤਨ ਰਾਹੀਂ ਸੰਗਤਾਂ ਨੂੰ ਸੁਣਾਏਗਾ ਤੇ ਸ਼ਆਖੇਗਾ ਕਿ ਬਾਬਾ ਨਾਨਕ ਦੀ ਨਾਮ ਦੀ ਕਮਾਈ ਸੱਭ ਤੋਂ ਵੱਡੀ ਹੈ । 
e). ਬਾਬ ਨਾਨਕ ਨੂੰ ਵੱਡਾ ਪੁਰਖ ਕਹਿ ਕੇ ਸਲਾਹੁਣਗੇ:
ਕਈ ਬੁਲਾਰੇ ਬਾਬਾ ਨਾਨਕ ਪ੍ਰਤੀ “ਵਡਾ ਪੁਰਖ ਪਰਗਟਿਆ ਕਲਜੁਗ ਅੰਦਰਿ ਜੋਤਿ ਜਗਾਈ॥” ਪੰਕਤੀ ਨੂੰ ਆਧਾਰ ਬਣਾ ਕੇ ਗੁਰੂ ਨਾਨਕ ਪਾਤਿਸ਼ਾਹ ਨੂੰ ਕਲਯੁਗ ਵਿੱਚ ਪ੍ਰਗਟ ਹੋਣ ਵਾਲ਼ੇ ‘ਵੱਡੇ ਪੁਰਖ’ ਸਾਬਤ ਕਰੇਗਾ ।
ਸ). ਬਾਬਾ ਨਾਨਕ ਨੂੰ ਪਹਿਲੇ ਨੰਬਰ ਉੱਤੇ ਰੱਖਣਗੇ:
ਕੋਈ ਕਥਾ ਵਾਚਕ ਜਾਂ ਰਾਗੀ ਕਥਾ ਸੁਣਾਵੇਗਾ ਜਾਂ ਕੀਰਤਨ ਕਰੇਗਾ “ਪ੍ਰਥਮੇ ਨਾਨਕ ਚੰਦੁ ਜਗਤ ਭਇਓ ਆਨੰਦੁ ਤਾਰਨਿ ਮਨੁਖ´ ਜਨ ਕੀਅਉ ਪ੍ਰਗਾਸੁ॥”, {ਗਗਸ ਪੰਨਾਂ ੧੩੯੯} ਭਾਵ, ਬਾਬਾ ਨਾਨਕ ਜੀ ਅਗਿਆਨਤਾ ਦੇ ਹਨ੍ਹੇਰੇ ਵਿੱਚ ਗਿਆਨ ਦਾ ਪ੍ਰਕਾਸ਼ ਕਰਨ ਵਿੱਚ ਸੱਭ ਤੋਂ ਪਹਿਲੇ ਨੰਬਰ ਉੱਤੇ (ਪ੍ਰਥਮ) ਹਨ ॥ ਬਾਬਾ ਨਾਨਕ ਨੂੰ ਉਹ ਚੰਦ੍ਰਮਾ ਦੇ ਪ੍ਰਕਾਸ਼ ਨਾਲ਼ ਤੁਲਨਾ ਦੇਵੇਗਾ । ਚੰਦੁ- ਚੰਦ੍ਰਮਾ । ਪ੍ਰਗਾਸੁ- ਚਾਨਣ ।
ਹ). ਬਾਬਾ ਨਾਨਕ ਨੂੰ ਜਗਤ ਗੁਰੂ ਕਹਿ ਕੇ ਵਡਿਆਉਣਗੇ:
ਕਿਸੇ ਵਲੋਂ ਬਾਬਾ ਨਾਨਕ ਦੀਆਂ ਸਿਫ਼ਤਾਂ ਕਰਦਿਆਂ ਕਿਹਾ ਜਾਵੇਗਾ ਕਿ ਉਹ ਤਾਂ ਜਗਤ ਦੇ ਗੁਰੂ, ਜ਼ਾਹਰ ਪੀਰ, ਅਥਾਹ, ਬੇਪਰਵਾਹ, ਬੇਮੁਹਤਾਜ, ਬੇਸ਼ੁਮਾਰ, ਅਗੰਮ, ਅਡੋਲ, ਅਤੋਲ, ਭਗਤੀ ਵਛਲ, ਪਤਿਤ ਉਧਾਰਣ ਅਤੇ ਵਿਆਖਿਆ ਕਰ ਕੇ ਸੰਗਤਾਂ ਨੂੰ ਨਿਹਾਲ ਕਰਨ ਲਈ ਭਾਈ ਗੁਰਦਾਸ ਦੀ ੨੪ਵੀਂ ਵਾਰ ਦੀਆਂ ਹੇਠ ਲਿਖੀਆਂ ਪਉੜੀਆਂ ਸੁਣਾਉਣਗੇ-
ਪਉੜੀ ਨੰਬਰ ੩
ਸਤਿਗੁਰ ਸਚਾ ਪਾਤਿਸਾਹੁ ਬੇਪਰਵਾਹੁ ਅਥਾਹੁ ਸਹਾਬਾ॥ 
ਨਾਉ ਗਰੀਬ ਨਿਵਾਜੁ ਹੈ ਬੇਮੁਹਤਾਜ ਨ ਮੋਹੁ ਮੁਹਾਬਾ॥ 
ਬੇਸੁਮਾਰੁ ਨਿਰੰਕਾਰੁ ਹੈ ਅਲਖ ਅਪਾਰੁ ਸਲਾਹ ਸਿਞਾਬਾ॥ 
ਕਾਇਮੁ ਦਾਇਮੁ ਸਾਹਿਬੀ ਹਾਜਰੁ ਨਾਜਰੁ ਵੇਦ ਕਿਤਾਬਾ॥ 
ਅਗਮੁ ਅਡੋਲੁ ਅਤੋਲੁ ਹੈ ਤੋਲਣਹਾਰੁ ਨ ਡੰਡੀ ਛਾਬਾ॥ 
ਇਕੁ ਛਤਿ ਰਾਜੁ ਕਮਾਂਵਦਾ ਦੁਸਮਣੁ ਦੂਤੁ ਨ ਸੋਰ ਸਰਾਬਾ॥ 
ਆਦਲੁ ਅਦਲੁ ਚਲਾਇਦਾ ਜਾਲਮੁ ਜੁਲਮੁ ਨ ਜੋਰ ਜਰਾਬਾ॥ 
ਜਾਹਰ ਪੀਰ ਜਗਤੁ ਗੁਰੁ ਬਾਬਾ ॥੩॥ 
ਪਉੜੀ ਨੰਬਰ ੪
ਗੰਗ ਬਨਾਰਸ ਹਿੰਦੂਆਂ ਮੁਸਲਮਾਣਾਂ ਮਕਾ ਕਾਬਾ॥ 
ਘਰਿ ਘਰਿ ਬਾਬਾ ਗਾਵੀਐ ਵਜਨਿ ਤਾਲ ਮ੍ਰਿਦੰਗੁ ਰਬਾਬਾ॥ 
ਭਗਤਿ ਵਛਲੁ ਹੋਇ ਆਇਆ ਪਤਿਤ ਉਧਾਰਣੁ ਅਜਬੁ ਅਜਾਬਾ॥ 
ਚਾਰਿ ਵਰਨ ਇਕ ਵਰਨ ਹੋਇ ਸਾਧਸੰਗਤਿ ਮਿਲਿ ਹੋਇ ਤਰਾਬਾ॥ 
ਚੰਦਨੁ ਵਾਸੁ ਵਣਾਸਪਤਿ ਅਵਲਿ ਦੋਮ ਨ ਸੇਮ ਖਰਾਬਾ॥ 
ਹੁਕਮੈ ਅੰਦਰਿ ਸਭ ਕੋ ਕੁਦਰਤਿ ਕਿਸ ਦੀ ਕਰੈ ਜਵਾਬਾ॥ 
ਜਾਹਰ ਪੀਰੁ ਜਗਤੁ ਗੁਰ ਬਾਬਾ ॥੪॥ 
ਕ). ਬਾਬਾ ਨਾਨਕ ਨੂੰ ਪਰਮ ਗੁਰੂ ਕਹਿਣਗੇ:
ਤਾਸੁ ਚਰਨ ਲੇ ਰਿਦੈ ਬਸਾਵਉ॥
ਤਉ ਪਰਮ ਗੁਰੂ ਨਾਨਕ ਗੁਨ ਗਾਵਉ॥ {ਗਗਸ ਪੰਨਾਂ ੧੩੮੯} ਵਾਲ਼ੀਆਂ ਪਾਵਨ ਪੰਕਤੀਆਂ ਨੂੰ ਆਧਾਰ ਬਣਾ ਕੇ ਕੋਈ ਕਥਾਵਾਚਕ ਆਖੇਗਾ ਕਿ ਬਾਬਾ ਨਾਨਕ ਸੱਭ ਤੋਂ ਸ੍ਰੇਸ਼ਟ ਅਤੇ ਵੱਡੇ ਭਾਵ ‘ਪਰਮ ਗੁਰੂ’ ਹਨ ।
ਖ). ਬਾਬਾ ਨਾਨਕ ਨੂੰ ਸੱਭ ਰਿਸ਼ੀਆਂ ਮੁਨੀਆਂ ਦੁਆਰਾ ਸਾਲਾਹੇ ਜਾਣ ਵਾਲ਼ਾ ਦੱਸਣਗੇ:
ਭੱਟਾਂ ਦੇ ਸਵੱਯਾਂ ਨੂੰ ਆਧਾਰ ਬਣਾ ਕੇ ਕੋਈ ਨਾ ਕੋਈ ਪ੍ਰਵਚਨ ਕਰੇਗਾ ਕਿ ਬਾਬਾ ਨਾਨਕ ਨੂੰ ਜੋਗੀ, ਜੰਗਮ, ਇੰਦ੍ਰ, ਭਗਤ ਪ੍ਰਹਲਾਦ, ਜਨਕ, ਵੱਡੇ ਵੱਡੇ ਜੋਗੀ, ਬ੍ਰਹਮਾ ਅਤੇ ਉਸ ਦੇ ਪੁੱਤਰ, ਧੋਮ ਰਿਸ਼ੀ, ਜਮਦਗਨੀ ਰਿਸ਼ੀ, ਪਰਸ਼ੁ ਰਾਮ ਜਮਦਗਨੀ ਦਾ ਪੁੱਤਰ, ਸ਼੍ਰੀ ਕ੍ਰਿਸ਼ਨ ਦੇ ਭਗਤ ਊਧਉ, ਅਕ੍ਰੂਰੁ ਅਤੇ ਬਿਦਰ, ਛੇ ਦਰਸ਼ਨ(ਜੰਗਮ, ਜੋਗੀ, ਜੈਨੀ, ਸੰਨਿਆਸੀ, ਵੈਰਾਗੀ ਅਤੇ ਵੈਸ਼ਨੋ) ਸ਼ੇਸ਼ ਨਾਗ, ਸ਼ਿਵ ਜੀ, ਭਗਤ ਰਵਿਦਾਸ ਜੀ, ਭਗਤ ਜੈ ਦੇਉ ਜੀ, ਭਗਤ ਤ੍ਰਿਲੋਚਨ ਜੀ, ਭਗਤ ਨਾਮ ਦੇਵ ਜੀ, ਭਗਤ ਕਬੀਰ ਜੀ, ਸੁਖਦੇਉ ਰਿਸ਼ੀ, ਗੌਤਮ ਰਿਸ਼ੀ, ਅਭਿਮੰਨਯੂ ਦਾ ਪੁੱਤਰ ਅਤੇ ਅਰਜੁਨ ਦਾ ਪੋਤ੍ਰਾ ਰਾਜਾ ਪਰੀਖਿ´ਤ, ਸੁਖਦੇਉ ਦਾ ਪਿਤਾ ਬਿਆਸ ਰਿਸ਼ੀ, ਸੂਰਜਵੰਸ਼ੀ ਕੁਲ਼ ਦਾ ਇੱਕ ਚੱਕਰਵਰਤੀ ਰਾਜਾ ਮਾਂਧਾਤਾ, ਬਲਿ ਰਾਉ, ਰਾਜਾ ਭਰਥਰੀ, ਦੁਰਵਾਸ਼ਾ ਰਿਸ਼ੀ, ਚੰਦ੍ਰਵੰਸ਼ੀ ਕੁਲ਼ ਦਾ ਛੇਵਾਂ ਰਾਜਾ ਪੁਰੂ, ਅੰਗਰੈ ਰਿਸ਼ੀ ਆਦਿਕ ਨੇ ਸੱਭ ਤੋਂ ਵੱਡੇ ਜਾਣ ਕੇ ਸਾਲਾਹਿਆ ਹੈ ।
ਗ). ਬਾਬਾ ਨਾਨਕ ਨੂੰ ਹਨ੍ਹੇਰੇ ਵਿੱਚ ਚਰਾਗ ਆਖਣਗੇ:
ਕੋਈ ਕਥਾ ਵਾਚਕ ਕਹੇਗਾ-  ਹੇ ਭਾਈ! ਤੇਰਾ ਸੇਵਕ, ਹੇ ਪਾਰਬ੍ਰਹਮ! ਤੇਰਾ ਰੂਪ ਗੁਰੂ ਨਾਨਕ ਸਾਰੇ ਜਗਤ ਵਿਚ ਪਰਗਟ ਹੋਇਆ ਹੈ । (ਗੁਰੂ ਨਾਨਕ) ਹਨੇਰੇ ਵਿਚ ਦੀਵਾ ਜਗ ਪਿਆ ਹੈ, (ਉਸ ਦੇ ਦੱਸੇ ਹੋਏ) ਨਾਮ ਦੀ ਬਰਕਤਿ ਨਾਲ ਸਾਰੀ ਸ੍ਰਿਸ਼ਟੀ ਪਾਰ ਲੰਘ ਰਹੀ ਹੈ । ਪ੍ਰਮਾਣ ਵਜੋਂ ਕਹੇਗਾ: –
ਬਲਿਓ ਚਰਾਗੁ ਅੰਧ´ਾਰ ਮਹਿ ਸਭ ਕਲਿ ਉਧਰੀ ਇਕ ਨਾਮ ਧਰਮ ॥ ਪ੍ਰਗਟੁ ਸਗਲ ਹਰਿ ਭਵਨ ਮਹਿ ਜਨੁ ਨਾਨਕੁ ਗੁਰੁ ਪਾਰਬ੍ਰਹਮ॥੯॥ {ਗਗਸ ਪੰਨਾ ੧੩੮੭}
ਘ). ਬਾਬਾ ਨਾਨਕ ਨੂੰ ਸਰਬ ਕਲਾ ਸੰਪੂਰਨ ਕਹਿਣਗੇ:
ਕੋਈ ਕਥਾਵਾਚਕ ਕਹੇਗਾ ਕਿ ਧੰਨੁ ਗੁਰੂ ਨਾਨਕ ਪਾਤਿਸ਼ਾਹ ਜੀ ਹਰ ਪ੍ਰਕਾਰ ਦੀ ਸੱਤਿਆ ਰੱਖਦੇ ਸਨ ਅਤੇ ਪ੍ਰਮਾਣ ਵਜੋਂ ਆਖੇਗਾ-
ਗਾਵਹਿ ਜਨਕਾਦਿ ਜੁਗਤਿ ਜੋਗੇਸੁਰ ਹਰਿ ਰਸ ਪੂਰਨ ਸਰਬ ਕਲਾ ॥
ਙ). ਬਾਬਾ ਨਾਨਕ ਨੂੰ ਸੂਰਜ ਅਤੇ ਚੰਦ ਕਹਿ ਕੇ ਵਡਿਆਉਣਗੇ:
ਪ੍ਰਚਾਰਕ ਬਾਬਾ ਨਾਨਕ ਜੀ ਦੀ ਸਿਫ਼ਤ ਕਰਦਿਆਂ ਆਖਣਗੇ – ਜਿਵੇਂ ਸੂਰਜ ਚੜ੍ਹਨ ਨਾਲ਼ ਤਾਰੇ ਛੁਪਦੇ ਅਤੇ ਰਾਤਿ ਦਾ ਹਨ੍ਹੇਰਾ ਦੂਰ ਹੋ ਜਾਂਦਾ ਹੈ ਇਵੇਂ ਹੀ ਬਾਬਾ ਨਾਨਕ ਜੀ ਦੇ ਆਗਮਨ ਨਾਲ਼ ਹੋਇਆ । ਕਈ ਪ੍ਰਚਾਰਕ ਇਉਂ ਵੀ ਆਖਣਗੇ ਕਿ ਹਨ੍ਹੇਰਾ ਮਿਟ ਗਿਆ ਹੈ ਕਿਉਂਕਿ ਚੰਦ ਚੜ੍ਹ ਗਿਆ ਹੈ । ਪ੍ਰਮਾਣ ਵਜੋਂ ਇਉਂ ਸਾਂਝ ਪਾਉਣਗੇ-
੧). ਸਤਿਗੁਰੁ ਨਾਨਕੁ ਪ੍ਰਗਟਿਆ ਮਿਟੀ ਧੁੰਧ ਜਗਿ ਚਾਨਣੁ ਹੋਆ॥
ਜਿਉ ਕਰਿ ਸੂਰਜੁ ਨਿਕਲਿਆ ਤਾਰੇ ਛਪੇ ਅੰਧੇਰੁ ਪਲੋਆ॥ {ਵਾਰ ੧ ਪਉੜੀ ੨੭}
੨). ਗੁਰ ਪਰਸਾਦਿ ਸਹਜ ਘਰੁ ਪਾਇਆ ਮਿਟਿਆ ਅੰਧੇਰਾ ਚੰਦੁ ਚੜਿਆ॥{ਗਗਸ ਪੰਨਾਂ ੩੯੩}
ਚ). ਬਾਬਾ ਨਾਨਕ ਨੇ ਮੱਕੇ ਨੂੰ ਨਿਵਾ ਲਿਆ ਆਖਣਗੇ:
ਪ੍ਰਚਾਕਰ ਸੱਜਣ ਸੰਗਤਾਂ ਨੂੰ ਦੱਸਣਗੇ ਕਿ ਧੰਨੁ ਗੁਰੂ ਨਾਨਕ ਪਾਤਿਸ਼ਾਹ ਜੀ ਨੇ ਬਗਦਾਦ, ਮੱਕੇ ਅਤੇ ਮਦੀਨੇ ਨੂੰ ਨਿਵਾ ਲਿਆ ਸੀ ਅਤੇ ਉਹ ਸੱਭ ਤੋਂ ਵੱਡੇ ਸਨ । ਭਾਈ ਗੁਰਦਾਸ ਦੀ ਵਾਰ ੧ ਪਉੜੀ ੨੭ ਦਾ ਹਵਾਲਾ ਵੀ ਇਉਂ ਦੇਣਗੇ-
ਗੜ ਬਗਦਾਦੁ ਨਿਵਾਇਕੇ ਮਕਾ ਮਦੀਨਾ ਸਭੇ ਨਿਵਾਇਆ॥
ਛ). ਬਾਬਾ ਨਾਨਕ ਨੂੰ ਸ਼ੇਰ ਨਾਲ਼ ਤੁਲਨਾ ਦੇਣਗੇ:
ਪ੍ਰਚਾਰਕ ਸੰਗਤਾਂ ਨੂੰ ਦੱਸਣਗੇ ਕਿ ਬਾਬਾ ਨਾਨਕ ਜੀ ਸ਼ੇਰ ਦੀ ਨਿਆਈਂ ਹਨ । ਜਿਵੇਂ ਸ਼ੇਰ ਦੇ ਬੁੱਕਣ ਨਾਲ਼ ਹਿਰਨਾ ਦੀਆਂ ਡਾਰਾਂ ਮਾਰੇ ਜਾਣ ਦੇ ਡਰ ਤੋਂ ਭੱਜ ਜਾਂਦੀਆਂ ਹਨ ਇਵੇਂ ਹੀ ਧੰਨੁ ਗੁਰੂ ਨਾਨਕ ਪਾਤਿਸ਼ਾਹ ਜੀ ਦੇ ਬਖ਼ਸ਼ੇ ਸ਼ਬਦ-ਗੁਰਬਾਣੀ ਦੇ ਗਿਆਨ ਨਾਲ਼ ਭਰਮਾਂ ਅਤੇ ਵਹਿਮਾਂ ਦੇ ਛੱਪਰ ਵੀ ਉੱਡ ਜਾਂਦੇ ਹਨ । ਲਿਖੇ ਪ੍ਰਮਾਣ ਵੀ ਦੇਣਗੇ-
ਵਾਰ ੧ ਪਉੜੀ ੩੪ ਭਾਈ ਗੁਰਦਾਸ ਜੀ
੧). ਬੁਕਿਆ ਸਿੰਘ ਉਜਾੜ ਵਿਚਿ ਸਭ ਮਿਰਗਾਵਲਿ ਭੰਨੀ ਜਾਈ॥
ਵਾਰ ੧ ਪਉੜੀ ੨੭ ਭਾਈ ਗੁਰਦਾਸ ਜੀ
੨). ਸਿੰਘ ਬੁਕੇ, ਮਿਰਗਾਵਲੀ ਭੰਨੀ ਜਾਇ, ਨ ਧੀਰਿ ਧਰੋਆ॥               
            ਸੱਚ ਮੁੱਚ ਹੀ ਬਾਬਾ ਨਾਨਕ ਸੱਭ ਤੋਂ ਵੱਡੇ ਹਨ । ਬਾਬਾ ਨਾਨਕ ਦੀਆਂ ਜਿੰਨੀਆਂ ਸਿਫ਼ਤਾਂ ਕਰੋ ਸੱਭ ਥੋੜ੍ਹੀਆਂ ਹਨ । ਪ੍ਰਚਾਰਕਾਂ ਵਲੋਂ ਕੀਤੀਆਂ ਜਾਂਦੀਆਂ ਸਿਫ਼ਤਾਂ ਸੱਭ ਠੀਕ ਹਨ ਅਤੇ ਕਰਨੀਆਂ ਵੀ ਬਣਦੀਆਂ ਹਨ ।
ਪਰ ਅਫ਼ਸੋਸ!!!
             ਇੱਕ ਅਫ਼ਸੋਸ ਜ਼ਰੂਰ ਹੈ! ਸਿਫ਼ਤਾਂ ਦੇ ਨਾਲ਼ ਬਾਬਾ ਨਾਨਕ ਨਾਲ਼ ਬਹੁਤ ਬੇਇਨਸਾਫ਼ੀ ਵੀ ਕੀਤੀ ਜਾਂਦੀ ਹੈ । ਪ੍ਰਕਾਸ਼ ਦਿਵਸ ਦੇ ਅਜਿਹੇ ਸ਼ੁੱਭ ਮੌਕੇ ਸਮੇਂ ਸੱਭ ਤੋਂ ਵੱਧ ਅਫ਼ਸੋਸ ਵਾਲ਼ਾ ਪਲ ਵੀ ਆਉਂਦਾ ਹੈ । ਅਜਿਹਾ ਕਿਹੜਾ ਪਲ ਹੈ? ਕਦੇ ਸੋਚਿਆ ਹੈ?
             ਬਾਬਾ ਨਾਨਕ ਦੀਆਂ ਮਣਾਂ ਮੂੰਹੀਂ ਸਿਫ਼ਤਾਂ ਨਾਲ਼ ਸੰਗਤਾ ਨੂੰ ਨਿਹਾਲ ਕਰ ਕੇ ਦੀਵਾਨਾਂ ਦੀ ਸਮਾਪਤੀ ਸਮੇਂ ਇੱਕ ਬੜਾ ਹੀ ਅਜੀਵ ਅਤੇ ਮਨਹੂਸ ਸਮਾਂ ਦੇਖਣ ਨੂੰ ਆਉਂਦਾ ਹੈ । ਉਹ ਸਮਾਂ ਐਸਾ ਹੈ ਜਿਸ ਦਾ ਦਰਦ ਬਹੁਤ ਹੀ ਘੱਟ ਸੱਜਣਾ ਨੂੰ ਮਹਿਸੂਸ ਹੁੰਦਾ ਹੈ ਕਿਉਂਕਿ ਬਹੁ ਗਿਣਤੀ ਸਿੱਖਾਂ ਨੇ ਕਦੇ ਵਿਚਾਰ ਹੀ ਨਹੀਂ ਕੀਤੀ ਕਿ ਉਹ ਇੱਕ ਮਨਹੂਸ ਪਲ ਵਿੱਚੋਂ ਵੀ ਲੰਘਦੇ ਹਨ ਜਦੋਂ ਬਾਬਾ ਨਾਨਕ ਨਾਲ਼ ਬੇਇਨਸਾਫ਼ੀ ਹੋ ਰਹੀ ਹੁੰਦੀ ਹੈ । ਇਹ ਬੇਇਨਸਾਫ਼ੀ ਇੱਕ ਦਿਨ ਦੀ ਗੱਲ ਨਹੀਂ ਰੋਜ਼ਾਨਾ ਕਈ ਵਾਰੀ ਕੀਤੀ ਜਾ ਰਹੀ ਹੈ। ਜਿਸ ਮਨਹੂਸ ਸਮੇਂ ਦੀ ਗੱਲ ਕੀਤੀ ਜਾ ਰਹੀ ਹੈ ਉਹ ਸਮਾਂ ਐਸਾ ਹੈ ਜਦੋਂ ਦੀਵਾਨਾਂ ਵਿੱਚ ਕੀਤੀਆਂ ‘ਸੱਭ ਤੋਂ ਵੱਡੇ ਬਾਬਾ ਨਾਨਕ’ ਦੀਆਂ ਸਿਫ਼ਤਾਂ ਅਤੇ ਵਡਿਆਈਆਂ ਉਨ੍ਹਾਂ ਹੀ ਦੀਵਾਨਾਂ ਵਿੱਚ ਪ੍ਰਚਾਰਕਾਂ ਦੇ ਸਾਮ੍ਹਣੇ ਹੀ ਜ਼ੀਰੋ ਕਰ ਦਿੱਤੀਆਂ ਜਾਂਦੀਆਂ ਹਨ ਪਰ ਪ੍ਰਚਾਰਕ ਬਾਬਾ ਨਾਨਕ ਦੀ ਹੁੰਦੀ ਬਾਇਨਸਾਫ਼ੀ ਦੇ ਪਲ ਵਿੱਚੋਂ ਗੁਜ਼ਰਦੇ ਆਪੋ ਆਪਣੀ ਮਾਇਆ ਦੇ ਗੱਫੇ ਲੈ ਕੇ ਚੁੱਪ-ਚਾਪ ਵਿਦਿਆ ਹੋ ਜਾਂਦੇ ਹਨ । ਪ੍ਰਚਾਰਕ ਇਸ ਬੇਇਨਸਾਫ਼ੀ ਵਿਰੁੱਧ ਬੋਲਣ ਨੂੰ ਆਪਣੇ ਭਵਿੱਖ ਲਈ ਸ਼ਾਇਦ ਬਹੁਤ ਵੱਡਾ ਖ਼ਤਰਾ ਮੰਨਦੇ ਹਨ ਕਿਉਂਕਿ ਇਸ ਬੇਇਨਸਾਫ਼ੀ ਦਾ ਮੁੱਢ ਸ਼੍ਰੋ. ਕਮਟੀ (ਬਹੁਤੇ ਸਿੱਖਾਂ ਲਈ ਪੰਥ) ਦੁਆਰਾ ਹੀ ਬੰਨ੍ਹਿਆ ਗਿਆ ਹੈ ।
             ਬਾਬਾ ਨਾਨਕ ਦੀਆਂ ਵਡਿਆਈਆਂ ਕਰ ਕੇ ਉਨ੍ਹਾਂ ਨੂੰ ਸੱਭ ਤੋਂ ਵੱਡਾ ਕਹਿਣ ਵਿੱਚ ਕਈ ਘੰਟੇ ਬਿਤਾ ਦਿੱਤੇ ਜਾਂਦੇ ਹਨ ਅਤੇ ਸੱਭ ਸੰਗਤ ਨੂੰ ਘੰਟਿਆਂ ਬੱਧੀ ਬਿਠਾਈ ਰੱਖਿਆ ਜਾਂਦਾ ਹੈ ਪਰ ਅੰਤ ਵਿੱਚ ਬਾਬਾ ਨਾਨਕ ਨੂੰ ਕੁੱਝ ਸਕਿੰਟਾਂ ਵਿੱਚ ਹੀ ਛੋਟਾ ਕਰ ਦਿੱਤਾ ਜਾਂਦਾ ਹੈ । ਸੰਗਤਾਂ ਨੂੰ ਘੰਟਿਆਂ ਬੱਧੀ ਸੁਣਾ ਕੇ ਕਿ ‘ਬਾਬਾ ਨਾਨਕ ਜੀ ਸੱਭ ਤੋਂ ਵੱਡੇ ਹਨ, ਬਾਬਾ ਨਾਨਕ ਜੀ ਸੱਭ ਤੋਂ ਵੱਡੇ ਹਨ’ ਅੰਤ ਵਿੱਚ ਕਹਿ ਦਿੱਤਾ ਜਾਂਦਾ ਹੈ – ‘ਨਹੀਂ! ਨਹੀਂ! ਬਾਬਾ ਨਾਨਕ ਸੱਭ ਤੋਂ ਵੱਡੇ ਨਹੀਂ । ਬਾਬਾ ਨਾਨਕ ਤਾਂ ਛੋਟੇ ਹਨ । ਬਾਬਾ ਨਾਨਕ ਤੋਂ ਵੀ ਇੱਕ ਸ਼ੱਕਤੀ ਵੱਡੀ ਹੈ’ । 
         ਉਹ ਸ਼ਕਤੀ ਕੌਣ ਹੈ? ਕਦੇ ਸੋਚਿਆ? ਜੇ ਨਹੀਂ ਤਾਂ ਇੱਸ ਦਾ ਉੱਤਰ ਹੈ- ਭਗਉਤੀ । ਭਗਉਤੀ ਕੌਣ ਹੈ ? ਸ਼ਿਵ ਜੀ ਦੇ ਘਰ ਵਾਲ਼ੀ ਪਾਰਬਤੀ ਜੋ ਦੁਰਗਾ ਨਾਂ ਨਾਲ਼ ‘ਵਾਰ ਦੁਰਗਾ ਕੀ’ ਵਿੱਚ ਦੈਂਤਾਂ ਨਾਲ਼ ਲੜਦੀ ਹੈ । ਹਿੰਦੂ ਮੱਤ ਦੇ ਗ੍ਰੰਥ ਮਾਰਕੰਡੇ ਪੁਰਾਣ ਵਿੱਚੋਂ ਲਈ ਇਹ ਕਥਾ ਸਿੱਖਾਂ ਦੇ ਗਲ਼ਿ ਪਾਈ ਹੋਈ ਹੈ । ਸਿੱਖਾਂ ਨੂੰ ਬੁੱਧੂ ਬਣਾਉਣ ਲਈ ਦਸ਼ਮ ਗ੍ਰੰਥ ਦੇ ਘਾੜਿਆਂ ਨੇ ਸੰਨ ੧੮੯੭ ਵਿੱਚ ਛਾਪੇ ਦਸ਼ਮ ਗ੍ਰੰਥ ਵਿੱਚ ‘ਵਾਰ ਦੁਰਗਾ ਕੀ’ ਦਾ ਸਹੀ ਸਿਰਲੇਖ ਬਦਲ ਕੇ ‘ਵਾਰ ਸ੍ਰੀ ਭਗਉਤੀ ਜੀ ਕੀ’ ਰੱਖ ਦਿੱਤਾ ਸੀ । ਅਜਿਹਾ ਕਰ ਕੇ ‘ਦੁਰਗਾ’ ਸ਼ਬਦ ਨੂੰ ਸਿੱਖਾਂ ਤੋਂ ਪਾਸੇ ਕਰਨ ਦੀ ਅਸੱਫ਼ਲ ਕੋਸ਼ਿਸ਼ ਕੀਤੀ ਗਈ ਕਿਉਂਕਿ ‘ਵਾਰ ਦੁਰਗਾ ਕੀ’ ਵਿੱਚ ਦੈਂਤਾਂ ਨਾਲ਼ ਲੜਨ ਵਾਲ਼ੀ ਦੇਵੀ ਦਾ ਨਾਂ ਵਾਰ ਵਾਰ ਦੁਰਗਾ ਹੀ ਆ ਰਿਹਾ ਹੈ ਭਗਉਤੀ ਨਹੀਂ । ਦੂਜੇ ਸ਼ਬਦਾਂ ਵਿੱਚ ਦੁਰਗਾ ਦਾ ਬਦਲ ਕੇ ਰੱਖਿਆ ਨਾਂ ਹੀ ਭਗਉਤੀ ਹੈ ਜੋ ਹਿੰਦੂ ਮੱਤ ਵਿੱਚ ਸ਼ਿਵ ਜੀ ਦੀ ਪਤਨੀ ਹੈ । ਭਗਵਤੀ ਹਿੰਦੂ ਮੱਤ ਵਿੱਚ ਦੇਵੀ ਦੁਰਗਾ ਹੈ । ਭਗਵਤੀ ਤੋਂ ਹੀ ਭਗਉਤੀ ਸ਼ਬਦ ਬਣਦਾ ਹੈ { /ਵ/ ਨੂੰ /a/ ਵਿੱਚ ਬਦਲ ਕੇ } ਜਿਵੇਂ ਪ੍ਰਭਾਵ ਤੋਂ ਪ੍ਰਭਾਉ, ਲਗਾਵ ਤੋਂ ਲਗਾਉ, ਗਾਵ ਤੋਂ ਗਾਉ, ਘਾਵ ਤੋਂ ਘਾਉ, ਪਾਵ ਤੋਂ ਪਾਉ ਆਦਿਕ । 
        ਜਦੋਂ ਸ਼੍ਰੋ. ਕਮੇਟੀ ਵਲੋਂ ਸੰਨ ੧੯੪੫ ਵਿੱਚ ਪ੍ਰਵਾਨ ਕੀਤੀ ਅਰਦਾਸਿ ਰਾਹੀਂ ਅਰਦਾਸੀਏ ਵਲੋਂ ‘ਪ੍ਰਿਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ’॥ ਕਿਹਾ ਜਾਂਦਾ ਹੈ ਤਾਂ ਬਾਬਾ ਨਾਨਕ ਨੂੰ ਭਗਉਤੀ/ਦੁਰਗਾ ਦੇਵੀ ਤੋਂ ਛੋਟਾ ਕਰ ਦਿੱਤਾ ਜਾਂਦਾ ਹੈ ਕਿਉਂਕਿ ਪਹਿਲੇ ਨੰਬਰ ਉੱਤੇ ਭਾਵ ‘ਪ੍ਰਿਥਮ ਭਗਉਤੀ’ ਹੈ ਅਤੇ ਬਾਬਾ ਨਾਨਕ ਪਿੱਛੋਂ ਹੈ । ਇਸ ਤਰ੍ਹਾਂ ਬਾਬਾ ਨਾਨਕ ਨੂੰ ਦੁਰਗਾ ਨਾਲ਼ੋਂ ਛੋਟਾ ਕਰ ਦਿੱਤਾ ਜਾਂਦਾ ਹੈ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਿੱਤੇ ਧੰਨੁ ਗੁਰੂ ਅਰਜੁਨ ਪਾਤਿਸ਼ਾਹ ਜੀ ਦੇ ਆਦੇਸ਼ ‘ਸਭ ਤੇ ਵਡਾ ਸਤਿਗੁਰੁ ਨਾਨਕੁ ਜਿਨਿ ਕਲਿ ਰਾਖੀ ਮੇਰੀ॥’ ਦੀ ਨਿੱਤ ਕੀਤੀ ਜਾਂਦੀ ਘੋਰ ਉਲੰਘਣਾ ਅਤੇ ਬੇਅਦਵੀ ਹੈ । ਪ੍ਰਿਥਮ ਭਗਉਤੀ ਵਾਲ਼ੀ ਪਉੜੀ ਵਿੱਚ ਲਿਖਾਰੀ ਨੇ ਗੁਰੂ ਪਾਤਿਸ਼ਾਹਾਂ ਨੂੰ ਦੁਰਗਾ ਦੇ ਪੁਜਾਰੀ ਹੀ ਬਣਾਇਆ ਹੈ । ‘ਵਾਰ ਦੁਰਗਾ ਕੀ’ ਦੀਆਂ ਸਾਰੀਆਂ ੫੫ ਪਉੜੀਆਂ ਹਨ ਜੋ ਦੁਰਗਾ ਦੇਵੀ ਦਾ ਹੀ ਪਾਠ ਹੈ, ਅਕਾਲ ਪੁਰਖ ਦਾ ਨਹੀਂ, ਅਤੇ ਇਹ ਤੱਥ ਖ਼ੁਦ ਵਾਰ ਦੇ ਲਿਖਾਰੀ ਨੇ ਵੀ ਮੰਨਿਆਂ ਹੈ ਜਿਵੇਂ-
ਦੁਰਗਾ ਪਾਠ ਬਣਾਇਆ ਸਭੇ ਪਉੜੀਆਂ।
ਫੇਰ ਨਾ ਜੂਨੀ ਆਇਆ ਜਿਨ ਇਹ ਗਾਇਆ। (ਪਉੜੀ ੫੫)।
ਅਰਥ- ਲਿਖਾਰੀ ਕਹਿੰਦਾ ਹੈ- ਦੁਰਗਾ ਕੀ ਵਾਰ/ਵਾਰ ਸ਼੍ਰੀ ਭਗਉਤੀ ਜੀ ਕੀ ਦਾ ਪਾਠ ਪ੍ਰਿਥਮ ਭਗਉਤੀ ਵਾਲ਼ੀ ਪਉੜੀ ਸਮੇਤ ੫੫ ਪਉੜੀਆਂ ਹੀ ਮੈਂ ਦੁਰਗਾ ਦੇਵੀ ਦਾ ਪਾਠ ਬਣਾਇਆ ਹੈ । ਇਹ ਮੈਂ ਤਾਂ ਲਿਖਿਆ ਹੈ ਕਿ ਇਸ ਪਾਠ ਨੂੰ ਦੁਰਗਾ ਦੇਵੀ ਤੋਂ ਬਿਨਾਂ ਕੋਈ ਕਿਸੇ ਹੋਰ ਇਸ਼ਟ ਨਾਲ਼ ਨਾਲ਼ ਜੋੜ ਲਵੇ । ਸਿੱਖਾਂ ਨੇ ਕਵੀ ਦੀ ਕਹੀ ਗੱਲ ਦੀ ਉਲੱੰਘਣਾ ਕਰਦਿਆਂ ਪਾਠ ਆਪਣੇ ਗੁਰੂ ਪਾਤਿਸ਼ਾਹਾਂ ਨਾਲ਼ ਜੋੜ ਲਿਆ ਹੈ ।
ਨੋਟ: ਕਵੀ ਵਲੋਂ ਏਨੇ ਸਪੱਸ਼ਟ ਸ਼ਬਦਾਂ ਵਿੱਚ ਦੱਸਣ ਉੱਤੇ ਵੀ ਕਿ ‘ਪ੍ਰਿਥਮ ਭਗਉਤੀ ਵਾਲੀ ਪਉੜੀ ਦੁਰਗਾ ਦੇਵੀ ਦਾ ਪਾਠ ਹੈ ਪਤਾ ਨਹੀਂ ਸੰਨ ੧੯੪੫ ਵਾਲ਼ੀ ਸ਼੍ਰੋ. ਕਮੇਟੀ ਨੂੰ ਬ੍ਰਾਹਮਣਵਾਦ ਨੇ ਕਿਹੜੀ ਬੂਟੀ ਸੁੰਘਾਂ ਦਿੱਤੀ ਸੀ ਕਿ ਇੱਸ ਕਮੇਟੀ ਨੇ ਸਿੱਖਾਂ ਨੂੰ ਹੀ ਦੁਰਗਾ ਦੇਵੀ ਦਾ ਪਾਠ ਪੜਾਉਣ ਲਾ ਦਿੱਤਾ!!! 
             ਅਫ਼ਸੋਸ! ਕਿ ਅੱਜ ਦੇ ਯੁੱਗ ਦੇ ਪੜ੍ਹੇ ਲਿਖੇ ਸਿੱਖ ਵਿਦਵਾਨ, ਪੜ੍ਹੀਆਂ ਲਿਖੀਆਂ ਸਿੱਖ ਬੀਬੀਆਂ ਅਤੇ ਨੌਜਵਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੱਚੀ ਅਤੇ ਸੁੱਚੀ ਵਿਚਾਰਧਾਰਾ ਦੇ ਹੁੰਦਿਆਂ ਪਾਣੀ ਵਿੱਚ ਸਾਬਣ ਜਾਂ ਰਸਾਇਣ ਘੋਲ਼ ਕੇ ਬਣਾਏ ਚਿੱਟੇ ਪਦਾਰਥ ਨੂੰ ਦੁੱਧ ਸਮਝ ਕੇ ਅਜੇ ਤਕ ਪੀ ਪੀ ਕੇ ਸਿੱਖੀ ਦੀ ਸਿਹਤ ਦਾ ਕਿਉਂ ਸੱਤਿਆਨਾਸ਼ ਕਰ ਰਹੇ ਹਨ ।
ਗੁਰਬਾਣੀ  ਦਾ ਇਹ ਅੰਮ੍ਰਿਤ ਵਚਨ ਚੇਤੇ ਰੱਖੀਏ-
ਦੁਨੀਆ ਹੁਸਿਆਰ ਬੇਦਾਰ ਜਾਗਤ ਮੁਸੀਅਤ ਹਉ ਰੇ ਭਾਈ॥
ਨਿਗਮ ਹੁਸੀਆਰ ਪਹਰੂਆ ਦੇਖਤ ਜਮੁ ਲੇ ਜਾਈ ॥੧॥ ਰਹਾਉ ॥
{ਪੰਨਾ ਗਗਸ ੯੭੨}
ਅਰਥ:- ਹੇ ਭਾਈ! ਹੇ ਜਗਤ ਦੇ ਲੋਕੋ! ਸੁਚੇਤ ਰਹੋ, ਜਾਗਦੇ ਰਹੋ, ਤੁਸੀ ਤਾਂ (ਆਪਣੇ ਵਲੋਂ) ਜਾਗਦੇ ਹੀ ਲੁੱਟੇ ਜਾ ਰਹੇ ਹੋ; ਵੇਦ ਸ਼ਾਸਤ੍ਰ-ਰੂਪ ਧਰਮ ਗ੍ਰੰਥ ਸੁਚੇਤ ਪਹਿਰੇਦਾਰਾਂ ਦੇ ਵੇਖਦਿਆਂ ਹੀ ਤੁਹਾਨੂੰ ਜਮ-ਰਾਜ ਲਈ ਜਾ ਰਿਹਾ ਹੈ (ਭਾਵ, ਢਧਰਮ ਪੁਸਤਕਾਂ ਦੀ ਰਾਖੀ ਪਹਿਰੇਦਾਰੀ ਵਿਚ ਭੀ ਤੁਸੀ ਅਜਿਹੇ ਕੰਮ ਕਰੀ ਜਾ ਰਹੇ ਹੋ, ਜਿਨ੍ਹਾਂ ਕਰਕੇ ਜਨਮ ਮਰਨ ਦਾ ਗੇੜ ਬਣਿਆ ਪਿਆ ਹੈ) ।੧।ਰਹਾਉ। 
ਸਨਿਮਰ ਬੇਨਤੀ:                 
             ਬਾਬਾ ਨਾਨਕ ਦਾ ਪ੍ਰਕਾਸ਼ ਦਿਵਸ ਮਨਾਉਣ ਵਾਲ਼ੇ ਸਤਿ ਸੰਗੀਓ ਇਕੱਠੇ ਹੋ ਕੇ ਆਪੋ ਆਪਣੇ ਧਰਮ ਸਥਾਨਾ ਉੱਤੇ ਨਿੱਤ ਸੱਚ ਦਾ ਹੋਕਾ ਦਿਓ ਕਿ ਬਾਬਾ ਨਾਨਕ ਨੂੰ ਦੁਰਗਾ ਭਗਉਤੀ ਤੋਂ ਛੋਟਾ ਨਾ ਬਣਾਓ ਕਿਉਂਕਿ ਸ਼੍ਰੀ ਗੁਰੂ ਗ੍ਰੰਥ ਅਨੁਸਾਰ ਸਿੱਖਾਂ ਲਈ ‘ਪ੍ਰਥਮ ਨਾਨਕ’ ਹੈ, ‘ਪ੍ਰਥਮ ਭਗਉਤੀ’ ਨਹੀਂ ।
ਗੱਲ ਕਿਵੇਂ ਬਣੇਗੀ?
ਬਕਤੈ ਬਕਿ ਸਬਦੁ ਸੁਨਾਇਆ ॥ ਸੁਨਤੈ ਸੁਨਿ ਮੰਨਿ ਬਸਾਇਆ ॥
ਭਗਉਤੀ ਤੋਂ ਛੁਟਕਾਰਾ ਪਾਉਣ ਲਈ ਅਰਦਾਸਿ ਇਸ ਤਰ੍ਹਾਂ ਸ਼ੁਰੂ ਕਰੋ-
ੴ ਸਤਿ ਗੁਰ ਪ੍ਰਸਾਦਿ ॥
ਤੁਧ ਆਗੈ ਅਰਦਾਸਿ ਹਮਾਰੀ ਜੀਉ ਪਿੰਡੁ ਸਭਾ ਤੇਰਾ॥
ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੈ ਮੇਰਾ॥ 
ਫਿਰ ਦਸਾਂ ਪਾਤਿਸ਼ਾਹੀਆਂ ਦੇ ਨਾਂ ਲਓ, ਜਿਵੇਂ-
ਧੰਨੁ ਧੰਨੁ ਗੁਰੂ ਨਾਨਕ ਸਾਹਿਬ ਪਾਤਿਸ਼ਾਹ । ਧੰਨੁ ਧੰਨੁ ਗੁਰੂ ਅੰਗਦ ਸਾਹਿਬ ਪਾਤਿਸ਼ਾਹ । ਧੰਨੁ ਧੰਨੁ ਗੁਰੂ ਅਮਰਦਾਸ ਸਾਹਿਬ ਪਾਤਿਸ਼ਾਹ ।———————————। ਧੰਨੁ ਧੰਨੁ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ। ਸੱਭ ਥਾਈਂ ਹੋਣਾ ਜੀ ਸਹਾਇ। ਦਸਾਂ ਪਾਤਿਸ਼ਾਹੀਆਂ ਦੀ ਜੋਤਿ ਧੰਨੁ ਧੰਨੁ ਸ਼੍ਰੀ ਗੁਰੂ ਗ੍ਰੰਥ ਸੋਹਬ ਜੀ ਦਾ ਧਿਆਨ ਧਰ ਕੇ ਬੋਲੋ ਜੀ ਵਾਹਿ ਗੁਰੂ—–ਇਸ ਤੋਂ ਅੱਗੇ ਰਹਤ ਮਰਯਾਦਾ ਵਾਲ਼ੀ ਅਰਦਾਸਿ ਜਾਰੀ ਰੱਖੋ ।
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੈ ਜੈਕਾਰ!