ਗੁਰਬਾਣੀ ਅਨੁਸਾਰ ਵਧਾਈ ਦੇਣ ਦੀ ਸਮਰਥਾ ਸਿਰਫ ਸਤਿਗੁਰੂ ਜਾਂ ਅਕਾਲ ਪੁਰਖੁ ਦੇ ਹੱਥ ਵਿਚ ਹੈ, ਆਮ ਮਨੁੱਖ ਦੇ ਹੱਥ ਵਿਚ ਕੁਝ ਵੀ ਨਹੀਂ (ਲੇਖਕ – ਡਾ: ਸਰਬਜੀਤ ਸਿੰਘ, ਨਵੀਂ ਮੁੰਬਈ)

According to Gurbani the authority of granting Congratulation lies in the hands of Akal Purkh and SatGuru only. Common public does not any authority

ਆਮ ਤੌਰ ਤੇ ਲੋਕ ਵਿਆਹ, ਜਨਮ ਦਿਨ, ਦਿਵਾਲੀ, ਨਵਾਂ ਸਾਲ, ਗੁਰਪੁਰਬ, ਦਿਨ ਦਿਹਾਰ ਆਦਿ ਦੀ ਵਧਾਈ ਜਾਂ ਮੁਬਾਰਕ ਬਹੁਤ ਦਿੰਦੇ ਰਹਿੰਦੇ ਹਨ। ਅੱਜਕਲ ਤਾਂ ਵਟਸਐਪ (WhatsApp) ਵਿਚ ਤਾਂ ਇਸ ਦਾ ਆਮ ਰਿਵਾਜ ਹੋ ਗਿਆ ਹੈ। ਰੋਜਾਨਾ ਲੱਖਾਂ ਦੀ ਗਿਣਤੀ ਵਿਚ ਅਜੇਹੇ ਸੁਨੇਹੇ ਭੇਜੇ ਜਾਂਦੇ ਹਨ। ਅਗਿਣਤ ਗਿਣਤੀ ਵਿਚ ਅਜੇਹੇ ਸ਼ੁਭ ਇਸ਼ਾਵਾਂ ਦੇ ਸੁਨੇਹੇ ਭੇਜਣ ਦੇ ਬਾਵਜੂਦ ਵੀ ਨਾ ਤਾਂ ਲੋਕਾਂ ਦਾ ਕੋਈ ਭਲਾ ਹੁੰਦਾ ਦਿਖਾਈ ਦਿੰਦਾ ਹੈ, ਤੇ ਨਾ ਹੀ ਲੋਕਾਂ ਦੇ ਵਤੀਰੇ ਜਾਂ ਸੋਚ ਵਿਚਾਰ ਵਿਚ ਕੋਈ ਸੁਧਾਰ ਆਇਆ ਵਿਖਾਈ ਦਿੰਦਾ ਹੈ। ਲੋਕਾਂ ਦਾ ਪਿਠ ਪਿਛੇ ਚੁਗਲੀ ਕਰਨਾਂ, ਬੁਰਾ ਸੋਚਣਾ, ਆਦਿ ਵਿਚ ਕੋਈ ਬਦਲਾਵ ਨਹੀਂ ਦਿਖਾਈ ਦਿੰਦਾ ਹੈ। ਕੋਈ ਵਿਰਲਾ ਹੀ ਕਿਸੇ ਦੂਸਰੇ ਨੂੰ ਸੜਕ ਵਿਚ ਰਸਤਾ ਦੇਣ ਵਾਲਾ ਹੁੰਦਾ ਹੈ, ਕਿਸੇ ਬਜੁਰਗ ਨੂੰ ਸੜਕ ਪਾਰ ਕਰਵਾਉਂਣ ਵਾਲਾ ਵੀ ਕੋਈ ਵਿਰਲਾ ਹੀ ਮਿਲਦਾ ਹੈ। ਕੋਈ ਵਿਰਲਾ ਹੀ ਕਿਸੇ ਦੂਸਰੇ ਦਾ ਭਲਾ ਕਰਨ ਬਾਰੇ ਸੋਚਦਾ ਹੈ ਜਾਂ ਕਰਦਾ ਹੈ। ਜਿਆਦਾਤਰ ਲੋਕ ਆਪਣਾ ਸਵਾਰਥ ਜਾਂ ਦੂਸਰੇ ਤੋਂ ਅੱਗੇ ਲੰਗਣ ਦੀ ਦੌੜ ਵਿਚ ਹੀ ਲੱਗੇ ਰਹਿੰਦੇ ਹਨ।
          ਜਿਸ ਵੱਡੇ ਪੱਧਰ ਤੇ ਵਧਾਈਆਂ ਦਿਤੀਆਂ ਜਾ ਰਹੀਆਂ ਹਨ, ਉਸ ਅਨੁਸਾਰ ਨਤੀਜੇ ਤਾਂ ਦਿਖਾਈ ਨਹੀਂ ਦੇ ਰਹੇ ਹਨ। ਪੂਰੀ ਦੁਨੀਆਂ ਵਿਚ ਕ੍ਰੋੜਾ ਦੀ ਗਿਣਤੀ ਵਿਚ ਗੁੱਡ ਮੌਰਨਿੰਗ ਤੇ ਨਵੇਂ ਸਾਲ ਦੀ ਵਧਾਈਆਂ ਦਿਤੀਆਂ ਜਾਂਦੀਆਂ ਹਨ। ਪਰੰਤੂ ਵਿਸ਼ਵ ਵਿਚ ਕੋਈ ਅਮਨ ਸੁਖ ਜਾਂ ਸ਼ਾਂਤੀ ਹੁੰਦੀ ਦਿਖਾਈ ਨਹੀਂ ਦੇ ਰਹੀ ਹੈ। ਹਰੇਕ ਵਿਆਹ ਸਮੇਂ ਅਣਗਿਣਤ ਵਧਾਈਆਂ ਦਿਤੀਆਂ ਜਾਂਦੀਆਂ ਹਨ, ਲੱਖਾਂ ਰੁਪਇਆ ਖਰਚਿਆ ਜਾਂਦਾ ਹੈ, ਪਰੰਤੂ ਪਰਿਵਾਰਾਂ ਵਿਚ ਆਪਸੀ ਮਿਲਵਰਤਨ ਜਾਂ ਸ਼ਾਂਤੀ ਬਹੁਤ ਘੱਟ ਦਿਖਾਈ ਦਿੰਦੀ ਹੈ। ਗੁਰਪੁਰਬਾਂ ਦੀਆਂ ਅਣਗਿਣਤ ਵਧਾਈਆਂ ਦਿਤੀਆਂ ਜਾਂਦੀਆਂ ਹਨ, ਕ੍ਰੋੜਾਂ ਰੁਪਇਆ ਸਮਾਗਮਾਂ ਤੇ ਖਰਚਿਆ ਜਾਂਦਾ ਹੈ, ਪਰੰਤੂ ਗੁਰੂ ਗਰੰਥ ਸਾਹਿਬ ਨੂੰ ਸਮਝਣ ਵਾਲੇ ਜਾਂ ਗੁਰਬਾਣੀ ਅਨੁਸਾਰ ਚਲਣ ਵਾਲੇ ਕੋਈ ਵਿਰਲੇ ਹੀ ਦਿਖਾਈ ਦਿੰਦੇ ਹਨ। ਇਹ ਸਭ ਕੁਝ ਇਕ ਵਿਖਾਵੇ ਜਾਂ ਰਵਾਇਤ ਦੀ ਤਰ੍ਹਾਂ ਲਗਦਾ ਹੈ। ਅਜੇਹੀਆਂ ਅਣਗਿਣਤ ਰਵਾਇਤਾ ਨਾਲ ਮਨ ਨੂੰ ਕੋਈ ਦਿਸ਼ਾ ਨਹੀਂ ਮਿਲਦੀ ਹੈ। ਸਮਾਜਕ ਰਵਾਇਤਾ ਕਰਕੇ ਵਧਾਈ ਦੇਣ ਦਾ ਰਿਵਾਜ ਬਹੁਤ ਵੱਡੇ ਪੱਧਰ ਤੇ ਪੈ ਗਿਆ ਹੈ, ਜਾਂ ਕਹਿ ਲਉ ਕਿ ਕਈ ਵਾਰੀ ਮਜਬੂਰੀ ਕਰਕੇ ਵੀ ਵਧਾਈ ਦੇਣੀ ਪੈਂਦੀ ਹੈ। ਇਹ ਹਮੇਸ਼ਾਂ ਧਿਆਨ ਵਿਚ ਰੱਖਣਾ ਹੈ ਕਿ, ਗੁਰਪੁਰਬ ਗੁਰੂ ਸਾਹਿਬਾਂ ਦੀਆਂ ਸਿਖਿਆਵਾਂ ਨੂੰ ਸੁਣਨ, ਸਮਝਣ ਤੇ ਅਪਨਾਣ ਲਈ; ਗੁਰਬਾਣੀ ਦੁਆਰਾ ਅਮਲੀ ਜੀਵਨ ਵਿਚ ਵਿਚਰਨ ਲਈ ਤੇ ਪੂਰਨੇ ਪਾਣ ਦੀ ਜਾਚ ਸਿਖਣ ਲਈ; ਇਤਿਹਾਸਕ ਘਟਨਾਵਾਂ ਤੇ ਯਾਦਾਂ ਨੂੰ ਜਾਣਨ ਲਈ ਤੇ ਤਾਜਾਂ ਕਰਨ ਲਈ ਮਨਾਏ ਜਾਂਦੇ ਹਨ।
         ਅੱਜਕਲ ਦੀਆਂ ਵਧਾਈਆਂ ਵੀ ਪੁਰਾਤਨ ਸਮੇਂ ਦੀਆਂ ਕਹਾਣੀਆਂ ਜਾਂ ਕਥਾਵਾਂ ਵਿਚ ਦਿਤੇ ਜਾਣ ਵਾਲੇ ਵਰ ਜਾਂ ਸ਼ਰਾਪ ਦੀ ਤਰ੍ਹਾਂ ਦੀਆਂ ਹੀ ਲਗਦੀਆਂ ਹਨ। ਜਿਸ ਦਾ ਲੋਕਾਂ ਤੇ ਮਨ ਅੰਦਰ ਵਹਿਮ ਜਾਂ ਡਰ ਤਾਂ ਬਹੁਤ ਹੈ, ਪਰੰਤੂ ਇਨ੍ਹਾਂ ਨਾਲ ਹੁੰਦਾ ਕੁਝ ਵੀ ਨਹੀਂ। ਕਈ ਵਾਰੀ ਵੇਖਣ ਵਿਚ ਆਇਆ ਹੈ, ਕਿ ਇਧਰ ਤਾਂ ਲੱਖਾਂ ਦੀ ਗਿਣਤੀ ਵਿਚ ਨਵੇਂ ਸਾਲ ਜਾਂ ਦਿਨ ਦਿਹਾਰ ਦੀਆਂ ਵਧਾਈਆਂ ਦਿਤੀਆਂ ਜਾ ਰਹੀਆਂ ਹਨ ਤੇ ਦੂਸਰੇ ਪਾਸੇ ਕੁਝ ਘਟਨਾ ਦੀ ਖਬਰ ਆ ਜਾਂਦੀ ਹੈ।
         ਆਉ ਗੁਰਬਾਣੀ ਦੀ ਸਹਾਇਤਾ ਨਾਲ ਇਨ੍ਹਾਂ ਵਧਾਈਆਂ ਬਾਰੇ ਵੀਚਾਰ ਕਰਨ ਦਾ ਉਪਰਾਲਾ ਕਰੀਏ ਤੇ ਜਾਣਨ ਦਾ ਯਤਨ ਕਰੀਏ ਕਿ ਗੁਰੂ ਗਰੰਥ ਸਾਹਿਬ ਅਨੁਸਾਰ ਅਸਲੀ ਵਧਾਈ ਕੀ ਹੈ, ਤੇ ਕਿਸ ਤਰ੍ਹਾਂ ਹੋ ਸਕਦੀ ਹੈ। 
         ਜਿਹੜੇ ਮਨੁੱਖ ਮਨ ਅੰਦਰੋਂ ਤਾਂ ਝੂਠੇ ਹਨ, ਪਰ ਬਾਹਰ ਕੂੜੀ ਇੱਜ਼ਤ ਬਣਾਈ ਬੈਠੇ ਹਨ, ਤੇ ਜਗਤ ਵਿਚ ਵਿਖਾਵਾ ਬਣਾਈ ਰੱਖਦੇ ਹਨ, ਉਹ ਭਾਵੇਂ ਅਠਾਹਠ ਤੀਰਥਾਂ ਉੱਤੇ ਜਾ ਕੇ ਇਸ਼ਨਾਨ ਕਰਨ, ਉਨ੍ਹਾਂ ਦੇ ਮਨ ਦੇ ਕਪਟ ਦੀ ਮੈਲ ਕਦੇ ਨਹੀਂ ਉਤਰਦੀ। ਜਿਨ੍ਹਾਂ ਮਨੁੱਖਾਂ ਦੇ ਅੰਦਰ ਰੇਸ਼ਮ ਹੈ, ਭਾਵ ਕੋਮਲਤਾ ਤੇ ਪ੍ਰੇਮ ਰੂਪੀ ਕਪੜਾ ਹੈ, ਪਰੰਤੂ ਬਾਹਰ ਭਾਵੇਂ ਗੁੱਦੜ ਹੈ, ਭਾਵ ਬਾਹਰੋ ਰੁੱਖਾ ਪਨ ਰੂਪੀ ਗੁੱਦੜ ਹੈ, ਜਗਤ ਵਿਚ ਅਜੇਹੇ ਬੰਦੇ ਨੇਕ ਹਨ। ਉਨ੍ਹਾਂ ਦਾ ਅਕਾਲ ਪੁਰਖੁ ਨਾਲ ਨੇਹ ਲੱਗਾ ਹੋਇਆ ਹੈ, ਤੇ ਉਹ ਅਕਾਲ ਪੁਰਖੁ ਦਾ ਦੀਦਾਰ ਕਰਨ ਦੇ ਵਿਚਾਰ ਵਿਚ ਸਦਾ ਜੁੜੇ ਰਹਿੰਦੇ ਹਨ। ਉਹ ਮਨੁੱਖ ਅਕਾਲ ਪੁਰਖੁ ਦੇ ਪਿਆਰ ਵਿਚ ਰੱਤੇ ਹੋਏ ਕਦੇ ਹੱਸਦੇ ਹਨ, ਤੇ ਕਦੇ ਪ੍ਰੇਮ ਵਿਚ ਹੀ ਰੋਂਦੇ ਹਨ, ਅਤੇ ਪ੍ਰੇਮ ਵਿਚ ਹੀ ਕਦੇ ਚੁੱਪ ਵੀ ਕਰ ਜਾਂਦੇ ਹਨ, ਭਾਵ, ਉਹ ਅਕਾਲ ਪੁਰਖੁ ਦੇ ਪ੍ਰੇਮ ਵਿਚ ਹੀ ਲੀਨ ਰਹਿੰਦੇ ਹਨ, ਉਨ੍ਹਾਂ ਨੂੰ ਸੱਚੇ ਖਸਮ ਅਕਾਲ ਪੁਰਖੁ ਤੋਂ ਬਿਨਾ ਕਿਸੇ ਹੋਰ ਦੀ ਕੋਈ ਮੁਥਾਜੀ ਨਹੀਂ ਹੁੰਦੀ ਹੈ। ਉਹ ਮਨੁੱਖ ਅਕਾਲ ਪੁਰਖੁ ਦੇ ਦਰ ਤੋਂ ਹੀ ਨਾਮ ਰੂਪੀ ਖ਼ੁਰਾਕ ਮੰਗਦੇ ਹਨ, ਜਦੋਂ ਅਕਾਲ ਪੁਰਖੁ ਦੇਂਦਾ ਹੈ, ਤਾਂ ਉਦੋਂ ਉਹ ਖਾਂਦੇ ਹਨ। ਉਨ੍ਹਾਂ ਨੂੰ ਇਹ ਨਿਸ਼ਚਾ ਹੈ, ਕਿ ਅਕਾਲ ਪੁਰਖੁ ਆਪ ਹੀ ਫ਼ੈਸਲਾ ਕਰਨ ਵਾਲਾ ਹੈ, ਤੇ ਆਪ ਹੀ ਲੇਖਾ ਲਿਖਣ ਵਾਲਾ ਹੈ, ਸਾਰੇ ਚੰਗੇ ਮੰਦੇ ਜੀਵਾਂ ਦਾ ਮੇਲਾ ਉਸ ਦੇ ਦਰ ਤੇ ਹੁੰਦਾ ਹੈ, ਅਕਾਲ ਪੁਰਖੁ ਸਭ ਕੋਲੋ ਕੀਤੇ ਕਰਮਾਂ ਦਾ ਲੇਖਾ ਮੰਗਦਾ ਹੈ, ਤੇ ਮੰਦੇ ਮਨੁੱਖਾਂ ਨੂੰ ਇਉਂ ਪੀੜ ਸੁੱਟਦਾ ਹੈ, ਜਿਵੇਂ ਕੋਹਲੂ ਵਿਚ ਤੇਲ ਕੱਡਣ ਲਈ ਤਿਲਾਂ ਨੂੰ ਪੀੜਿਆ ਜਾਂਦਾ ਹੈ, ਭਾਵ, ਉਨ੍ਹਾਂ ਦੇ ਮੰਦੇ ਸੰਸਕਾਰ ਅੰਦਰੋਂ ਕੱਢਣ ਲਈ ਉਨ੍ਹਾਂ ਨੂੰ ਦੁਖਾਂ ਰੂਪੀ ਕੋਹਲੂ ਵਿਚ ਪਾ ਕੇ ਪੀੜਿਆ ਜਾਂਦਾ ਹੈ।

         ਮਃ ੧ ॥  ਅੰਦਰਹੁ ਝੂਠੇ ਪੈਜ ਬਾਹਰਿ ਦੁਨੀਆ ਅੰਦਰਿ ਫੈਲੁ ॥  ਅਠਸਠਿ ਤੀਰਥ ਜੇ ਨਾਵਹਿ ਉਤਰੈ ਨਾਹੀ ਮੈਲੁ ॥  ਜਿਨ੍ਹ੍ਹ ਪਟੁ ਅੰਦਰਿ ਬਾਹਰਿ ਗੁਦੜੁ ਤੇ ਭਲੇ ਸੰਸਾਰਿ ॥  ਤਿਨ੍ਹ੍ਹ ਨੇਹੁ ਲਗਾ ਰਬ ਸੇਤੀ ਦੇਖਨ੍ਹ੍ਹੇ ਵੀਚਾਰਿ ॥  ਰੰਗਿ ਹਸਹਿ ਰੰਗਿ ਰੋਵਹਿ ਚੁਪ ਭੀ ਕਰਿ ਜਾਹਿ ॥  ਪਰਵਾਹ ਨਾਹੀ ਕਿਸੈ ਕੇਰੀ ਬਾਝੁ ਸਚੇ ਨਾਹ ॥  ਦਰਿ ਵਾਟ ਉਪਰਿ ਖਰਚੁ ਮੰਗਾ ਜਬੈ ਦੇਇ ਤ ਖਾਹਿ ॥  ਦੀਬਾਨੁ ਏਕੋ ਕਲਮ ਏਕਾ ਹਮਾ ਤੁਮ੍ਹ੍ਹਾ ਮੇਲੁ ॥  ਦਰਿ ਲਏ ਲੇਖਾ ਪੀੜਿ ਛੁਟੈ ਨਾਨਕਾ ਜਿਉ ਤੇਲੁ ॥੨॥ 

         ਅਨੰਦੁ ਸਾਹਿਬ ਦੀ ਬਾਣੀ ਦੇ ਸ਼ੁਰੂ ਵਿਚ ਹੀ ਗੁਰੂ ਅਮਰਦਾਸ ਸਾਹਿਬ ਸਮਝਾ ਰਹੇ ਹਨ, ਕਿ ਹੇ ਮੇਰੀ ਮਾਂ! ਮੇਰੇ ਅੰਦਰ ਅਨੰਦੁ ਭਾਵ ਪੂਰਨ ਖਿੜਾਉ ਪੈਦਾ ਹੋ ਗਿਆ ਹੈ, ਕਿਉਂਕਿ ਮੈਨੂੰ ਸਤਿਗੁਰੂ ਮਿਲ ਪਿਆ ਹੈ। ਜਦੋਂ ਦਾ ਮੈਨੂੰ ਸਤਿਗੁਰੂ ਮਿਲਿਆ ਹੈ, ਉਦੋਂ ਤੋਂ ਹੀ ਮੈਨੂੰ ਅਡੋਲ ਅਵਸਥਾ ਵੀ ਪ੍ਰਾਪਤ ਹੋ ਗਈ ਹੈ, ਭਾਵ, ਸਤਿਗੁਰੂ ਦੇ ਮਿਲਣ ਨਾਲ ਮੇਰਾ ਮਨ ਡੋਲਣੋਂ ਹਟ ਗਿਆ ਹੈ, ਮੇਰੇ ਮਨ ਵਿਚ ਮਾਨੋ ਖ਼ੁਸ਼ੀ ਦੇ ਵਾਜੇ ਵੱਜ ਪਏ ਹਨ। ਇਥੇ ਸਪੱਸ਼ਟ ਕਿਹਾ ਗਿਆ ਹੈ, ਕਿ, ਮੇਰੇ ਮਨ ਵਿਚ ਵਾਧਾਈਆ ਆ ਕੇ ਵਜੀਆ ਹਨ, “ਮਨਿ ਵਜੀਆ ਵਾਧਾਈਆ”। ਸੋਹਣੇ ਰਾਗ ਆਪਣੇ ਪਰਵਾਰ ਤੇ ਰਾਣੀਆਂ ਸਮੇਤ ਮੇਰੇ ਮਨ ਵਿਚ, ਮਾਨੋ, ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਦੇ ਗੀਤ ਗਾਵਣ ਆ ਗਏ ਹਨ। ਇਸ ਲਈ ਤੁਸੀ ਵੀ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਦਾ ਗੀਤ ਗਾਵੋ। ਜਿਨ੍ਹਾਂ ਮਨੁੱਖਾਂ ਨੇ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਦਾ ਸ਼ਬਦ ਆਪਣੇ ਮਨ ਵਿਚ ਵਸਾਇਆ ਹੈ, ਉਨ੍ਹਾਂ ਦੇ ਅੰਦਰ ਪੂਰਨ ਖਿੜਾਉ ਪੈਦਾ ਹੋ ਜਾਂਦਾ ਹੈ। ਗੁਰੂ ਸਾਹਿਬ ਸਮਝਾਂਦੇ ਹਨ, ਕਿ ਮੇਰੇ ਅੰਦਰ ਵੀ ਆਨੰਦ ਬਣ ਗਿਆ ਹੈ, ਕਿਉਂਕਿ ਮੈਨੂੰ ਸਤਿਗੁਰੂ ਮਿਲ ਪਿਆ ਹੈ। ਸਬਦ ਦਾ ਭਾਵ ਹੈ, ਕਿ ਸਤਿਗੁਰੂ ਪਾਸੋਂ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਦੀ ਦਾਤ ਮਿਲਦੀ ਹੈ, ਤੇ, ਸਿਫ਼ਤਿ ਸਾਲਾਹ ਦੀ ਬਰਕਤਿ ਨਾਲ ਮਨੁੱਖ ਦੇ ਮਨ ਵਿਚ ਪੂਰਨ ਖਿੜਾਉ ਪੈਦਾ ਹੋ ਜਾਂਦਾ ਹੈ।

         ਰਾਮਕਲੀ ਮਹਲਾ ੩ ਅਨੰਦੁ  ੴ ਸਤਿਗੁਰ ਪ੍ਰਸਾਦਿ ॥  ਅਨੰਦੁ ਭਇਆ ਮੇਰੀ ਮਾਏ ਸਤਿਗੁਰੂ ਮੈ ਪਾਇਆ ॥  ਸਤਿਗੁਰੁ ਤ ਪਾਇਆ ਸਹਜ ਸੇਤੀ ਮਨਿ ਵਜੀਆ ਵਾਧਾਈਆ ॥  ਰਾਗ ਰਤਨ ਪਰਵਾਰ ਪਰੀਆ ਸਬਦ ਗਾਵਣ ਆਈਆ ॥  ਸਬਦੋ ਤ ਗਾਵਹੁ ਹਰੀ ਕੇਰਾ ਮਨਿ ਜਿਨੀ ਵਸਾਇਆ ॥  ਕਹੈ ਨਾਨਕੁ ਅਨੰਦੁ ਹੋਆ ਸਤਿਗੁਰੂ ਮੈ ਪਾਇਆ ॥੧॥ 

          ਇਥੇ ਇਹ ਸਪੱਸ਼ਟ ਹੋ ਜਾਂਦਾ ਹੈ, ਕਿ ਵਾਧਾਈਆ ਸਤਿਗੁਰੂ ਨੂੰ ਪਾਣ ਨਾਲ ਮਿਲਦੀਆਂ ਹਨ, ਲੋਕਾਂ ਦੇ ਕਹਿਣ ਜਾਂ ਦੇਣ ਨਾਲ ਨਹੀਂ। ਦੂਸਰੀ ਗਲ ਇਹ ਸਪੱਸ਼ਟ ਹੈ, ਕਿ ਵਾਧਾਈਆ ਆਪਣੇ ਆਪ ਆ ਕੇ ਮਨ ਵਿਚ ਵਜਦੀਆਂ ਹਨ। ਤੀਸਰੀ ਗਲ ਇਹ ਸਪੱਸ਼ਟ ਹੈ, ਵਾਧਾਈਆ ਆਪਣੇ ਆਪ ਆ ਕੇ ਵਜਦੀਆ ਹਨ, ਲੋਕਾਂ ਦੇ ਕਹਿਣ ਜਾਂ ਭੇਜਣ ਤੇ ਨਹੀਂ। ਇਸ ਸਬਦ ਵਿਚ ਗੁਰੂ ਸਾਹਿਬ ਸਪੱਸ਼ਟ ਕਰਕੇ ਸਮਝਾ ਰਹੇ ਹਨ, ਕਿ ਵਾਧਾਈਆ ਦੇਣ ਦਾ ਹੱਕ ਸਿਰਫ ਤੇ ਸਿਰਫ ਸਤਿਗੁਰੂ ਨੂੰ ਹੈ, ਤੇ ਜਾਂ ਅਕਾਲ ਪੁਰਖੁ ਨੂੰ ਹੈ। ਇਹ ਤਾਕਤ, ਸਮਰਥਾ ਜਾਂ ਅਧਿਕਾਰ ਆਮ ਲੋਕਾਂ ਕੋਲ ਨਹੀਂ ਹੈ। 
         ਗੁਰੂ ਗਰੰਥ ਸਾਹਿਬ ਵਿਚ ਸਬਦ ਵਾਧਾਈਆ, ਵਧਾਈ, ਆਦਿ ਅਨੇਕਾਂ ਵਾਰੀ ਆਏ ਹਨ, ਪਰੰਤੂ ਇਨ੍ਹਾਂ ਸਭ ਦੇ ਅਰਥ ਇਹੀ ਬਣਦੇ ਹਨ ਕਿ ਮਨ ਵਿਚ ਖ਼ੁਸ਼ੀ, ਖੇੜਾ, ਆਨੰਦ, ਜਾਂ ਵਾਧਾ ਆਦਿ। ਇਨ੍ਹਾਂ ਸਭ ਸਬਦਾਂ ਦੇ ਅਰਥਾਂ ਅਨੁਸਾਰ ਇਹ ਕਿਤੇ ਵੀ ਨਹੀਂ ਬਣਦਾ ਹੈ, ਕਿ, ਇਹ ਖੇੜਾ, ਆਨੰਦ, ਜਾਂ ਵਾਧਾ ਲੋਕਾਂ ਦੇ ਕਹਿਣ ਨਾਲ ਜਾਂ ਲੋਕਾਂ ਦੇ ਕਾਰਡ ਵੰਡਣ ਨਾਲ ਮਿਲ ਸਕਦਾ ਹੈ।
ਗੁਰੂ ਸਾਹਿਬ ਸਮਝਾਂਦੇ ਹਨ, ਕਿ ਅਕਾਲ ਪੁਰਖੁ ਦਾ ਨਾਮੁ, ਮਾਨੋ, ਇਕ ਵੇਲ ਦੀ ਤਰ੍ਹਾਂ ਹੈ, ਗੁਰੂ ਦੀ ਸਰਨ ਪੈਣ ਵਾਲੇ ਮਨੁੱਖਾਂ ਨੇ ਅਕਾਲ ਪੁਰਖੁ ਦੇ ਨਾਮੁ ਰੂਪੀ ਜਲ ਨਾਲ ਸਿੰਜ ਸਿੰਜ ਕੇ ਇਸ ਨਾਮੁ ਰੂਪੀ ਵੇਲ ਨੂੰ ਆਪਣੇ ਅੰਦਰ ਵਡੀ ਕਰ ਲਿਆ ਹੈ, ਉਨ੍ਹਾਂ ਦੇ ਆਤਮਕ ਜੀਵਨ ਵਿਚ ਇਸ ਵੇਲ ਨੂੰ ਰਸ ਦੇਣ ਵੇਲੇ ਸੁਆਦਲੇ ਆਤਮਕ ਗੁਣਾਂ ਦੇ ਫਲ ਲੱਗਦੇ ਹਨ। ਅਕਾਲ ਪੁਰਖੁ ਨੇ ਆਪਣੀ ਭਗਤੀ ਗੁਰੂ ਵਿਚ ਟਿਕਾ ਰੱਖੀ ਹੈ, ਤੇ ਗੁਰੂ ਪ੍ਰਸੰਨ ਹੋ ਕੇ ਭਗਤੀ ਦੀ ਇਹ ਦਾਤ ਸਿੱਖ ਨੂੰ ਦੇਂਦਾ ਹੈ। ਪਰ ਜੇਹੜਾ ਮਨੁੱਖ ਗੁਰੂ ਦੀ ਸਰਨ ਨਹੀਂ ਪੈਂਦਾ ਤੇ ਆਪਣੀ ਹਉਮੈ ਵਿਚ ਹੀ ਆਪਣੇ ਵਲੋਂ ਧਾਰਮਿਕ ਕੰਮ ਕਰਦਾ ਹੈ, ਉਹ ਅਕਾਲ ਪੁਰਖੁ ਦੀ ਭਗਤੀ ਦੀ ਰਤਾ ਭਰ ਵੀ ਸਾਰ ਨਹੀਂ ਜਾਣਦਾ ਹੈ। ਉਸ ਦੇ ਹਉਮੈ ਦੇ ਆਸਰੇ ਕੀਤੇ ਹੋਏ, ਉਸ ਦੇ ਧਾਰਮਿਕ ਕੰਮ ਇਉਂ ਹਨ, ਜਿਵੇਂ ਹਾਥੀ ਨਹਾ ਕੇ ਆਪਣੇ ਸਿਰ ਤੇ ਮਿੱਟੀ ਪਾ ਲੈਂਦਾ ਹੈ। ਗੁਰੂ ਸਾਹਿਬ ਸਮਝਾਂਦੇ ਹਨ, ਕਿ ਜਗਤ ਦੇ ਅਨੇਕਾਂ ਜੀਵ ਜੰਤੂਆਂ ਤੇ ਬੇਅੰਤ ਤਰ੍ਹਾਂ ਦੀਆਂ ਲਹਰਾਂ ਦੇ ਮਾਲਕ ਅਕਾਲ ਪੁਰਖੁ ਦਾ ਨਾਮੁ ਚੇਤੇ ਕਰ। ਗੁਰੂ ਦੀ ਮਤਿ ਲੈ ਕੇ ਮੁੜ ਮੁੜ ਅਕਾਲ ਪੁਰਖੁ ਦਾ ਨਾਮੁ ਚੇਤੇ ਕਰ ਤੇ ਸਿਫ਼ਤਿ ਸਾਲਾਹ ਕਰਦਾ ਰਹੁ। ਜਿਸ ਮਨੁੱਖ ਨੇ ਅਕਾਲ ਪੁਰਖੁ ਦਾ ਨਾਮੁ ਜਪਿਆ, ਜਿਸ ਮਨੁੱਖ ਨੇ ਸਿਫ਼ਤਿ-ਸਾਲਾਹ ਕੀਤੀ, ਉਸ ਨੇ ਆਪਣੇ ਮਨ ਰੂਪੀ ਸੱਪ ਨੂੰ ਮਾਰ ਲਿਆ, ਉਸ ਨੇ ਆਪਣਾ ਮੌਤ ਦੇ ਡਰ ਨੂੰ ਮੁਕਾ ਲਿਆ, ਉਸ ਨੇ ਜਮਦੂਤਾਂ ਨੂੰ ਮਾਰ ਲਿਆ। ਹੁਣ ਜਮਦੂਤ ਉਸ ਦੇ ਨੇੜੇ ਨਹੀਂ ਢੁਕਦੇ ਹਨ। ਇਸ ਲਈ ਵਧਾਈ ਲੈਣ ਲਈ ਗੁਰਮੁਖਿ ਬਣ ਕੇ ਅਕਾਲ ਪੁਰਖੁ ਦਾ ਨਾਮੁ ਆਪਣੇ ਹਿਰਦੇ ਅੰਦਰ ਟਿਕਾਣਾ ਹੈ।

         ਆਸਾ ਮਹਲਾ ੪ ॥  ਗੁਰਮੁਖਿ ਹਰਿ ਹਰਿ ਵੇਲਿ ਵਧਾਈ ॥  ਫਲ ਲਾਗੇ ਹਰਿ ਰਸਕ ਰਸਾਈ ॥੧॥  ਹਰਿ ਹਰਿ ਨਾਮੁ ਜਪਿ ਅਨਤ ਤਰੰਗਾ ॥  ਜਪਿ ਜਪਿ ਨਾਮੁ ਗੁਰਮਤਿ ਸਾਲਾਹੀ ਮਾਰਿਆ ਕਾਲੁ ਜਮਕੰਕਰ ਭੁਇਅੰਗਾ ॥੧॥ ਰਹਾਉ ॥

         ਜੇਕਰ ਮਾਇਆ ਨਾਲ ਬਹੁਤੀ ਪ੍ਰੀਤਿ ਕਰੀਏ, ਤਾਂ ਜਿਉਂ ਜਿਉਂ ਇਸ ਨਾਲ ਆਪਣਾ ਸਾਥ ਬਣਾਈਦਾ ਹੈ, ਤਿਉਂ ਤਿਉਂ ਇਸ ਮਾਇਆ ਨਾਲ ਮੋਹ ਵਧਦਾ ਜਾਂਦਾ ਹੈ। ਆਖ਼ਰ ਜਦੋਂ ਇਹ ਗਲ ਨਾਲ ਚੰਬੜੀ ਹੋਈ ਛੱਡਦੀ ਹੀ ਨਹੀਂ, ਤਾਂ ਫਿਰ ਸਤਿਗੁਰੂ ਦੀ ਚਰਨੀਂ ਲੱਗ ਕੇ ਹੀ ਇਸ ਤੋਂ ਖ਼ਲਾਸੀ ਪਾਈ ਜਾ ਸਕਦੀ ਹੈ। ਇਹ ਮਾਇਆ ਐਸੀ ਮਨ ਨੂੰ ਮੋਹ ਲੈਣ ਵਾਲੀ ਹੈ, ਕਿ ਮਨੁੱਖ ਦੇ ਮਨ ਨੂੰ ਤੁਰਤ ਮੋਹ ਦੇ ਜਾਲ ਵਿਚ ਫਸਾ ਲੈਂਦੀ ਹੈ। ਮਿੱਠੀ ਬਣ ਕੇ ਇਹ ਮਨ ਵਿਚ ਤੇ ਤਨ ਵਿਚ ਆ ਕੇ ਚੰਬੜ ਜਾਂਦੀ ਹੈ। ਗੁਰੂ ਸਾਹਿਬ ਸਮਝਾਂਦੇ ਹਨ, ਕਿ ਸਤਿਗੁਰੂ ਦੀ ਕਿਰਪਾ ਨਾਲ ਜਦੋਂ ਤੋਂ ਮੈਨੂੰ ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਤੋਂ ਉਤਾਂਹ ਰਹਿਣ ਵਾਲਾ ਅਕਾਲ ਪੁਰਖੁ ਮਿਲਿਆ ਹੈ, ਮੇਰੇ ਅੰਦਰ ਉਤਸ਼ਾਹ ਭਰੀ ਅਵਸਥਾ ਪ੍ਰਬਲ ਹੋ ਗਈ ਹੈ, ਤਦੋਂ ਤੋਂ ਹੀ ਮੈਂ ਸਾਰੇ ਜਗਤ ਨੂੰ ਮੋਹਣ ਵਾਲੀ ਮਾਇਆ ਦੇ ਮੋਹ ਨੂੰ ਤਿਆਗ ਕੇ ਪਰੇ ਸੁੱਟ ਦਿੱਤਾ ਹੈ। ਜਦੋਂ ਦਾ ਮੈਨੂੰ ਸਤਿਗੁਰੂ ਮਿਲ ਪਿਆ ਹੈ, ਉਦੋਂ ਤੋਂ ਹੁਣ ਮੇਰੇ ਮਨ ਵਿਚ ਆਤਮਕ ਆਨੰਦ ਬਣਿਆ ਰਹਿੰਦਾ ਹੈ। ਇਸ ਲਈ ਵਧਾਈ ਲੈਣ ਲਈ ਉਸ ਨਿਰਗੁਨੁ ਅਕਾਲ ਪੁਰਖੁ ਦਾ ਮਿਲਾਪ ਜਰੂਰੀ ਹੈ, ਜਿਹੜਾ ਕਿ ਸਤਿਗੁਰੂ ਦੀ ਸ਼ਰਨ ਵਿਚ ਪੈਣ ਨਾਲ ਹੀ ਸੰਭਵ ਹੈ।

         ਆਸਾ ਮਹਲਾ ੫ ॥  ਇਨ੍ਹ੍ਹ ਸਿਉ ਪ੍ਰੀਤਿ ਕਰੀ ਘਨੇਰੀ ॥  ਜਉ ਮਿਲੀਐ ਤਉ ਵਧੈ ਵਧੇਰੀ ॥  ਗਲਿ ਚਮੜੀ ਜਉ ਛੋਡੈ ਨਾਹੀ ॥  ਲਾਗਿ ਛੁਟੋ ਸਤਿਗੁਰ ਕੀ ਪਾਈ ॥੧॥  ਜਗ ਮੋਹਨੀ ਹਮ ਤਿਆਗਿ ਗਵਾਈ ॥  ਨਿਰਗੁਨੁ ਮਿਲਿਓ ਵਜੀ ਵਧਾਈ ॥੧॥ ਰਹਾਉ ॥

          ਗੁਰੂ ਸਾਹਿਬ ਆਪਣੇ ਮਨ ਨੂੰ ਸਮਝਾਂਦੇ ਹਨ, ਕਿ ਹੇ ਮੇਰੇ ਮਨ! ਤੂੰ ਉਸ ਅਕਾਲ ਪੁਰਖੁ ਦਾ ਅੰਸ ਹੈ, ਜੋ ਨਿਰਾ ਨੂਰ ਹੀ ਨੂਰ ਹੈ, ਇਸ ਲਈ ਆਪਣੇ ਉਸ ਅਸਲੇ ਨਾਲ ਸਾਂਝ ਬਣਾ। ਉਹ ਅਕਾਲ ਪੁਰਖੁ ਸਦਾ ਤੇਰੇ ਅੰਗ ਸੰਗ ਵੱਸਦਾ ਹੈ, ਇਸ ਲਈ ਗੁਰੂ ਦੀ ਮਤਿ ਲੈ ਕੇ ਉਸ ਦੇ ਮਿਲਾਪ ਦਾ ਸੁਆਦ ਲੈ। ਜੇਕਰ ਤੂੰ ਆਪਣਾ ਅਸਲਾ ਸਮਝ ਲਏਂ ਤਾਂ ਉਸ ਅਕਾਲ ਪੁਰਖੁ ਨਾਲ ਤੇਰੀ ਡੂੰਘੀ ਜਾਣ ਪਛਾਣ ਬਣ ਜਾਏਗੀ, ਫਿਰ ਤੈਨੂੰ ਇਹ ਸਮਝ ਵੀ ਆ ਜਾਇਗੀ ਕਿ ਆਤਮਕ ਮੌਤ ਕੀ ਚੀਜ਼ ਹੈ, ਤੇ ਆਤਮਕ ਜ਼ਿੰਦਗੀ ਕੀ ਹੈ। ਜੇਕਰ ਗੁਰੂ ਦੀ ਕਿਰਪਾ ਨਾਲ ਇਕ ਅਕਾਲ ਪੁਰਖੁ ਨਾਲ ਡੂੰਘੀ ਸਾਂਝ ਪਾ ਲਏਂ, ਤਾਂ ਤੇਰੇ ਅੰਦਰ ਅਕਾਲ ਪੁਰਖੁ ਤੋਂ ਬਿਨਾ ਕੋਈ ਹੋਰ ਮੋਹ ਪ੍ਰਬਲ ਨਹੀਂ ਹੋ ਸਕੇਗਾ। ਜਦੋਂ ਮਨੁੱਖ ਦੇ ਮਨ ਵਿਚ ਸ਼ਾਂਤੀ ਪੈਦਾ ਹੋ ਜਾਂਦੀ ਹੈ, ਤੇ ਜਦੋਂ ਇਸ ਦੇ ਅੰਦਰ ਚੜ੍ਹਦੀ ਕਲਾ ਪ੍ਰਬਲ ਹੋ ਜਾਂਦੀ ਹੈ, ਤਾਂ ਇਹ ਅਕਾਲ ਪੁਰਖੁ ਦੀ ਹਜ਼ੂਰੀ ਵਿਚ ਕਬੂਲ ਹੋ ਜਾਂਦਾ ਹੈ। ਗੁਰੂ ਸਾਹਿਬ ਦੁਬਾਰਾ ਇਹੀ ਸਮਝਾਂਦੇ ਹਨ, ਕਿ ਹੇ ਮੇਰੇ ਮਨ! ਤੂੰ ਉਸ ਅਕਾਲ ਪੁਰਖੁ ਦਾ ਅੰਸ ਹੈ, ਜੋ ਨਿਰਾ ਚਾਨਣ ਹੀ ਚਾਨਣ ਹੈ, ਇਸ ਲਈ ਆਪਣੇ ਉਸ ਅਸਲੇ ਨਾਲ ਸਾਂਝ ਬਣਾ। ਇਸ ਲਈ ਮਨ ਵਿਚ ਸ਼ਾਂਤੀ ਤਾਂ ਹੀ ਆ ਸਕਦੀ ਹੈ, ਤੇ ਵਧਾਈ ਤਾਂ ਹੀ ਵਜ ਸਕਦੀ ਹੈ, ਜੇਕਰ ਗੁਰਬਾਣੀ ਦੁਆਰਾ ਉਸ ਅਕਾਲ ਪੁਰਖੁ ਨੂੰ ਜਾਣ ਲਿਆ ਜਾਵੇ, ਸਤਿਗੁਰੂ ਦੀ ਕਿਰਪਾ ਨਾਲ ਆਪਣੇ ਅੰਦਰੋਂ ਦਵੈਤ ਭਾਵ ਦੂਰ ਕਰ ਲਿਆ ਜਾਵੇ, ਅਜੇਹਾ ਕਰਨ ਨਾਲ ਹੀ ਉਸ ਅਕਾਲ ਪੁਰਖੁ ਦੇ ਦਰ ਤੇ ਪਰਵਾਣ ਹੋ ਸਕਦੇ ਹਾਂ। 

         ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ ॥  ਮਨ ਹਰਿ ਜੀ ਤੇਰੈ ਨਾਲਿ ਹੈ ਗੁਰਮਤੀ ਰੰਗੁ ਮਾਣੁ ॥  ਮੂਲੁ ਪਛਾਣਹਿ ਤਾਂ ਸਹੁ ਜਾਣਹਿ ਮਰਣ ਜੀਵਣ ਕੀ ਸੋਝੀ ਹੋਈ ॥  ਗੁਰ ਪਰਸਾਦੀ ਏਕੋ ਜਾਣਹਿ ਤਾਂ ਦੂਜਾ ਭਾਉ ਨ ਹੋਈ ॥  ਮਨਿ ਸਾਂਤਿ ਆਈ ਵਜੀ ਵਧਾਈ ਤਾ ਹੋਆ ਪਰਵਾਣੁ ॥  ਇਉ ਕਹੈ ਨਾਨਕੁ ਮਨ ਤੂੰ ਜੋਤਿ ਸਰੂਪੁ ਹੈ ਅਪਣਾ ਮੂਲੁ ਪਛਾਣੁ ॥੫॥

         ਗੁਰਬਾਣੀ ਦੁਆਰਾ ਆਪਣੇ ਪਾਪਾ ਤੇ ਕਾਬੂ ਕਰਨ ਦੀ ਸੋਝੀ ਪ੍ਰਾਪਤ ਕਰੋ, ਪਾਪਾ ਨੂੰ ਕਹੋ ਕਿ ਹੁਣ ਤੁਸੀ ਮੇਰੇ ਹਿਰਦੇ ਵਿਚੋਂ ਚਲੇ ਜਾਵੋ, ਕਿਉਂਕਿ ਮੇਰੇ ਹਿਰਦੇ ਘਰ ਵਿਚ ਮੇਰਾ ਅਕਾਲ ਪੁਰਖੁ ਵੱਸ ਗਿਆ ਹੈ। ਜਿਸ ਹਿਰਦੇ ਵਿਚ ਅਕਾਲ ਪੁਰਖੁ ਪਰਗਟ ਹੋ ਜਾਂਦਾ ਹੈ, ਉਸ ਵਿਚੋਂ ਵਿਕਾਰੀ ਵੈਰੀਆਂ ਦਾ ਨਾਸ ਹੋ ਜਾਂਦਾ ਹੈ। ਪਿਆਰੇ ਅਕਾਲ ਪੁਰਖੁ, ਉਸ ਮਨੁੱਖ ਦੇ ਹਿਰਦੇ ਵਿਚ ਪਰਗਟ ਹੁੰਦੇ ਹਨ, ਜਿਹੜਾ ਮਨੁੱਖ ਸਾਧ ਸੰਗਤਿ ਵਿਚ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਕਰਦਾ ਹੈ। ਜੇਹੜਾ ਮਨੁੱਖ ਗੁਰੂ ਦੀ ਕਿਰਪਾ ਦੁਆਰਾ ਅਕਾਲ ਪੁਰਖੁ ਨਾਲ ਡੂੰਘੀ ਸਾਂਝ ਪਾ ਲੈਂਦਾ ਹੈ, ਉਹ ਆਪਣੇ ਅੰਦਰ ਇਕ ਹੈਰਾਨ ਕਰ ਦੇਣ ਵਾਲਾ ਤਮਾਸ਼ਾ ਵੇਖਦਾ ਹੈ, ਉਸ ਦੇ ਹਿਰਦੇ ਵਿਚ ਆਤਮਕ ਜੀਵਨ ਦੇਣ ਵਾਲਾ ਨਾਮੁ ਰੂਪੀ ਜਲ ਆ ਵੱਸਦਾ ਹੈ, ਉਸ ਦੇ ਮਨ ਵਿਚ ਬੇਅੰਤ ਠੰਡ ਪੈ ਜਾਂਦੀ ਹੈ, ਉਸ ਦੇ ਅੰਦਰ ਬੇਅੰਤ ਚੜ੍ਹਦੀ ਕਲਾ ਬਣ ਜਾਂਦੀ ਹੈ। ਗੁਰੂ ਸਾਹਿਬ ਬੇਨਤੀ ਕਰਕੇ ਸਮਝਾਂਦੇ ਹਨ, ਕਿ ਹੇ ਭਾਈ! ਜਿਸ ਮਨੁੱਖ ਉਤੇ ਅਕਾਲ ਪੁਰਖੁ ਮੇਹਰ ਕਰਦਾ ਹੈ, ਉਸ ਨੂੰ ਅਕਾਲ ਪੁਰਖੁ ਆਪ ਹੀ ਆਨੰਦ ਮਈ ਆਤਮਕ ਅਡੋਲਤਾ ਵਿਚ ਟਿਕਾਂਦਾ ਹੈ, ਅਕਾਲ ਪੁਰਖੁ ਆਪ ਹੀ ਉਸ ਦਾ ਆਪਣੇ ਨਾਲ ਮਿਲਾਪ ਬਣਾ ਦਿੰਦਾ ਹੈ। ਇਸ ਲਈ ਮਨ ਵਿਚ ਸ਼ਾਂਤੀ ਤਾਂ ਹੀ ਆ ਸਕਦੀ ਹੈ, ਤੇ ਵਧਾਈ ਤਾਂ ਹੀ ਵਜ ਸਕਦੀ ਹੈ, ਜੇਕਰ ਸਤਿਗੁਰੂ ਦੀ ਕਿਰਪਾ ਨਾਲ ਆਪਣੇ ਅੰਦਰੋਂ ਪਾਪ ਦੂਰ ਕਰ ਲਏ ਜਾਣ, ਤੇ ਗੁਰਬਾਣੀ ਦੁਆਰਾ ਉਸ ਅਕਾਲ ਪੁਰਖੁ ਨੂੰ ਪਛਾਣ ਲਿਆ ਜਾਵੇ।

         ਨਸਿ ਵੰਞਹੁ ਕਿਲਵਿਖਹੁ ਕਰਤਾ ਘਰਿ ਆਇਆ ॥  ਦੂਤਹ ਦਹਨੁ ਭਇਆ ਗੋਵਿੰਦੁ ਪ੍ਰਗਟਾਇਆ ॥  ਪ੍ਰਗਟੇ ਗੁਪਾਲ ਗੋਬਿੰਦ ਲਾਲਨ ਸਾਧਸੰਗਿ ਵਖਾਣਿਆ ॥  ਆਚਰਜੁ ਡੀਠਾ ਅਮਿਉ ਵੂਠਾ ਗੁਰ ਪ੍ਰਸਾਦੀ ਜਾਣਿਆ ॥  ਮਨਿ ਸਾਂਤਿ ਆਈ ਵਜੀ ਵਧਾਈ ਨਹ ਅੰਤੁ ਜਾਈ ਪਾਇਆ ॥  ਬਿਨਵੰਤਿ ਨਾਨਕ ਸੁਖ ਸਹਜਿ ਮੇਲਾ ਪ੍ਰਭੂ ਆਪਿ ਬਣਾਇਆ ॥੨॥ 
ਉਸ ਅਕਾਲ ਪੁਰਖੁ ਨੂੰ ਸਦਾ ਯਾਦ ਕਰਨਾ ਚਾਹੀਦਾ ਹੈ, ਜਿਸ ਦੀ ਆਪਣੀ ਸੱਤਾ ਸਾਰੇ ਸੰਸਾਰ ਵਿਚ ਕੰਮ ਕਰ ਰਹੀ ਹੈ। ਗੁਰੂ ਦੀ ਸਰਨ ਪੈਣਾ ਚਾਹੀਦਾ ਹੈ, ਕਿਉਂਕਿ ਗੁਰੂ ਦੀ ਸਰਨ ਪਿਆਂ ਸਰਬ ਵਿਆਪਕ ਅਕਾਲ ਪੁਰਖੁ ਮਨ ਵਿਚੋਂ ਨਹੀਂ ਭੁੱਲਦਾ ਹੈ। ਜਿਨ੍ਹਾਂ ਮਨੁੱਖਾਂ ਨੇ ਸਦਾ ਅਕਾਲ ਪੁਰਖੁ ਦਾ ਸਿਮਰਨ ਕੀਤਾ ਹੈ, ਉਨ੍ਹਾਂ ਉੱਤੇ ਕੋਈ ਰੋਗ, ਕੋਈ ਦੁੱਖ, ਜਾਂ ਕੋਈ ਡਰ ਆਪਣਾ ਜ਼ੋਰ ਨਹੀਂ ਪਾ ਸਕਦਾ ਹੈ। ਅਜੇਹੇ ਮਨੁੱਖਾਂ ਨੇ ਗੁਰੂ ਦੀ ਕਿਰਪਾ ਨਾਲ ਇਹ ਸੰਸਾਰ ਰੂਪੀ ਸਮੁੰਦਰ ਪਾਰ ਕਰ ਲਿਆ ਸਮਝੋ, ਤੇ ਪੂਰਬਲੇ ਸਮੇਂ ਵਿਚ ਕੀਤੀ ਕਮਾਈ ਅਨੁਸਾਰ ਮੱਥੇ ਉੱਤੇ ਭਗਤੀ ਦਾ ਲਿਖਿਆ ਲੇਖ, ਉਨ੍ਹਾਂ ਨੂੰ ਪ੍ਰਾਪਤ ਹੋ ਗਿਆ। ਉਨ੍ਹਾਂ ਦੇ ਅੰਦਰ ਚੜ੍ਹਦੀ ਕਲਾ ਪ੍ਰਬਲ ਹੋ ਗਈ, ਉਨ੍ਹਾਂ ਦੇ ਮਨ ਵਿਚ ਠੰਡ ਪੈ ਗਈ, ਤੇ ਉਨ੍ਹਾਂ ਨੂੰ ਬੇਅੰਤ ਅਕਾਲ ਪੁਰਖੁ ਮਿਲ ਗਿਆ। ਗੁਰੂ ਸਾਹਿਬ ਬੇਨਤੀ ਕਰਕੇ ਸਮਝਾਂਦੇ ਹਨ, ਕਿ ਅਕਾਲ ਪੁਰਖੁ ਦਾ ਨਾਮੁ ਸਿਮਰ ਸਿਮਰ ਕੇ ਮੇਰੀ ਵੀ ਅਕਾਲ ਪੁਰਖੁ ਦੇ ਮਿਲਾਪ ਵਾਲੀ ਚਿਰਾਂ ਦੀ ਆਸ ਪੂਰੀ ਹੋ ਗਈ ਹੈ। ਇਸ ਲਈ ਸਤਿਗੁਰੂ ਦੀ ਕਿਰਪਾ ਨਾਲ ਹੀ ਮਨ ਵਿਚ ਸ਼ਾਂਤੀ ਆ ਸਕਦੀ ਹੈ, ਤੇ ਵਧਾਈ ਵਜ ਸਕਦੀ ਹੈ। ਸਤਿਗੁਰੂ ਦੀ ਕਿਰਪਾ ਨਾਲ ਹੀ ਉਸ ਬੇਅੰਤ ਅਕਾਲ ਪੁਰਖੁ ਦਾ ਮਿਲਾਪ ਹੋ ਸਕਦਾ ਹੈ।
      

         ਸੰਤ ਪ੍ਰਸਾਦਿ ਤਰੇ ਭਵਜਲੁ ਪੂਰਬਿ ਲਿਖਿਆ ਪਾਇਆ ॥ ਵਜੀ ਵਧਾਈ ਮਨਿ ਸਾਂਤਿ ਆਈ ਮਿਲਿਆ ਪੁਰਖੁ ਅਪਾਰੀ ॥ ਬਿਨਵੰਤਿ ਨਾਨਕੁ ਸਿਮਰਿ ਹਰਿ ਹਰਿ ਇਛ ਪੁੰਨੀ ਹਮਾਰੀ ॥੪॥੩॥ (੫੪੪)

         ਜਿਸ ਤਰ੍ਹਾਂ ਪਾਂਧੇ ਪੰਡਿਤ ਪੱਤ੍ਰੀ ਵੇਖ ਕੇ ਵਿਆਹ ਦੇ ਫੇਰੇ ਦੇਣ ਦਾ ਸਮਾਂ ਵਿਚਾਰਦੇ ਹਨ। ਇਸੇ ਤਰ੍ਹਾਂ ਗੁਰਮੁਖ ਗੁਰਬਾਣੀ ਦੀ ਵੀਚਾਰ ਕਰਦੇ ਹਨ ਤੇ ਜਦੋਂ ਗੁਰੂ ਦੀ ਕਿਰਪਾ ਨਾਲ ਪਤੀ ਅਕਾਲ ਪੁਰਖੁ ਜੀਵ ਇਸਤ੍ਰੀ ਦੇ ਅੰਦਰ ਪਰਗਟ ਹੁੰਦਾ ਹੈ, ਤਾਂ ਜੀਵ ਇਸਤ੍ਰੀ ਦੇ ਹਿਰਦੇ ਵਿਚ ਆਤਮਕ ਆਨੰਦ ਦੀ ਲਹਿਰ ਚੱਲ ਪੈਂਦੀ ਹੈ। ਗੁਰਮੁਖ ਬਾਣੀ ਦੇ ਰਸੀਏ ਸਾਧ ਸੰਗਤਿ ਵਿਚ ਮਿਲ ਕੇ ਗੁਰੂ ਦੀ ਬਾਣੀ ਪੜ੍ਹਦੇ ਤੇ ਅਕਾਲ ਪੁਰਖੁ ਦੇ ਗੁਣਾਂ ਨੂੰ ਵਿਚਾਰਦੇ ਹਨ। ਜਿਉਂ ਜਿਉਂ ਗੁਰਬਾਣੀ ਵਿਚਾਰਦੇ ਹਨ, ਜੀਵ ਇਸਤ੍ਰੀ ਦੇ ਹਿਰਦੇ ਘਰ ਵਿਚ ਸੱਜਣ ਅਕਾਲ ਪੁਰਖੁ ਦਾ ਪ੍ਰਕਾਸ਼ ਹੁੰਦਾ ਹੈ, ਮਾਨੋ, ਉਸ ਦੇ ਮਨ ਵਿਚ ਆਨੰਦ ਦੇ ਵਾਜੇ ਵੱਜਦੇ ਹਨ। ਇਸ ਲਈ ਮਨ ਵਿਚ ਵਧਾਈ ਤਾਂ ਹੀ ਵਜ ਸਕਦੀ ਹੈ, ਜਦੋਂ ਗੁਰੂ ਦੀ ਕਿਰਪਾ ਨਾਲ ਪਤੀ ਅਕਾਲ ਪੁਰਖੁ ਜੀਵ ਇਸਤ੍ਰੀ ਦੇ ਅੰਦਰ ਪਰਗਟ ਹੁੰਦਾ ਹੈ, ਤੇ ਗੁਰਬਾਣੀ ਦੀ ਵੀਚਾਰ ਨਾਲ ਅਕਾਲ ਪੁਰਖੁ ਦਾ ਨਾਮੁ ਹਿਰਦੇ ਵਿਚ ਵਸ ਜਾਂਦਾ ਹੈ। 

         ਪਤੀ ਵਾਚਾਈ ਮਨਿ ਵਜੀ ਵਧਾਈ ਜਬ ਸਾਜਨ ਸੁਣੇ ਘਰਿ ਆਏ ॥ ਗੁਣੀ ਗਿਆਨੀ ਬਹਿ ਮਤਾ ਪਕਾਇਆ ਫੇਰੇ ਤਤੁ ਦਿਵਾਏ ॥ (੭੭੩)

         ਅਕਾਲ ਪੁਰਖੁ ਦਾ ਨਾਮੁ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ ਹੈ, ਅਤੇ ਸੰਤ ਜਨਾਂ ਦੇ ਸਾਰੇ ਕੰਮ ਸਿਰੇ ਚੜ੍ਹਾਨ ਵਾਲਾ ਹੈ। ਜਿਨ੍ਹਾਂ ਨੂੰ ਸੰਤ ਗੁਰੂ ਮਿਲ ਪਿਆ, ਉਨ੍ਹਾਂ ਨੇ ਅਕਾਲ ਪੁਰਖੁ ਦਾ ਨਾਮੁ ਸਿਮਰਨਾ ਸ਼ੁਰੂ ਕਰ ਦਿੱਤਾ, ਉਨ੍ਹਾਂ ਦੀਆਂ ਸਾਰੀਆਂ ਮੁਰਾਦਾਂ ਪੂਰੀਆਂ ਹੋਣ ਲੱਗ ਪਈਆਂ, ਉਨ੍ਹਾਂ ਦੇ ਅੰਦਰੋਂ ਹਉਮੈ ਤੇ ਕਲੇਸ਼ ਨਾਸ ਹੋ ਗਏ, ਉਹ ਸਦਾ ਖਿੜੇ ਮੱਥੇ ਰਹਿਣ ਲੱਗ ਪਏ, ਤੇ ਚਿਰਾਂ ਦੇ ਵਿੱਛੁੜੇ ਹੋਏ ਅਕਾਲ ਪੁਰਖੁ ਨਾਲ ਮਿਲਾਪ ਹੋ ਗਿਆ। ਉਨ੍ਹਾਂ ਦੇ ਮਨ ਵਿਚ ਸਿਮਰਨ ਦੀ ਬਰਕਤਿ ਨਾਲ ਠੰਢ ਪੈ ਗਈ, ਉਨ੍ਹਾਂ ਦੇ ਅੰਦਰ ਚੜ੍ਹਦੀ ਕਲਾ ਪ੍ਰਬਲ ਹੋ ਗਈ, ਹੁਣ ਉਨ੍ਹਾਂ ਨੂੰ ਅਕਾਲ ਪੁਰਖੁ ਦਾ ਨਾਮੁ ਕਦੇ ਨਹੀਂ ਭੁੱਲਦਾ। ਗੁਰੂ ਸਾਹਿਬ ਬੇਨਤੀ ਕਰਕੇ ਸਮਝਾਂਦੇ ਹਨ, ਕਿ ਸਤਿਗੁਰੂ ਨੇ ਇਹ ਗੱਲ ਹਿਰਦੇ ਵਿਚ ਪੱਕੀ ਕਰ ਦਿੱਤੀ ਹੈ, ਕਿ ਸਦਾ ਜਗਤ ਦੇ ਮਾਲਕ ਦਾ ਨਾਮੁ ਜਪਦੇ ਰਿਹਾ ਕਰੋ। ਇਸ ਲਈ ਮਨ ਵਿਚ ਵਧਾਈ ਤਾਂ ਹੀ ਵਜ ਸਕਦੀ ਹੈ, ਜਦੋਂ ਸਤਿਗੁਰੂ ਦੀ ਕਿਰਪਾ ਨਾਲ ਅਕਾਲ ਪੁਰਖੁ ਦਾ ਨਾਮੁ ਹਿਰਦੇ ਵਿਚ ਵਸ ਜਾਂਦਾ ਹੈ। ਫਿਰ ਮਨੁੱਖ ਦੇ ਮਨ ਵਿਚੋਂ ਅਕਾਲ ਪੁਰਖੁ ਦਾ ਨਾਮੁ ਕਦੇ ਵਿਸਰਦਾ ਨਹੀਂ। 
     

         ਪਤਿਤ ਪਾਵਨ ਹਰਿ ਨਾਮਾ ॥ ਪੂਰਨ ਸੰਤ ਜਨਾ ਕੇ ਕਾਮਾ ॥ ਗੁਰੁ ਸੰਤੁ ਪਾਇਆ ਪ੍ਰਭੁ ਧਿਆਇਆ ਸਗਲ ਇਛਾ ਪੁੰਨੀਆ ॥ ਹਉ ਤਾਪ ਬਿਨਸੇ ਸਦਾ ਸਰਸੇ ਪ੍ਰਭ ਮਿਲੇ ਚਿਰੀ ਵਿਛੁੰਨਿਆ ॥ ਮਨਿ ਸਾਤਿ ਆਈ ਵਜੀ ਵਧਾਈ ਮਨਹੁ ਕਦੇ ਨ ਵੀਸਰੈ ॥ ਬਿਨਵੰਤਿ ਨਾਨਕ ਸਤਿਗੁਰਿ ਦ੍ਰਿੜਾਇਆ ਸਦਾ ਭਜੁ ਜਗਦੀਸਰੈ ॥੪॥੧॥੩॥ (੭੭੯)

         ਜਿਸ ਮਨੁੱਖ ਦੇ ਮਨ ਵਿਚ ਪੂਰੇ ਗੁਰੂ ਦੁਆਰਾ ਅਕਾਲ ਪੁਰਖੁ ਪਿਆਰਾ ਲੱਗਣ ਲੱਗ ਪੈਂਦਾ ਹੈ, ਉਸ ਮਨੁੱਖ ਦੇ ਮਨ ਅੰਦਰ ਅਕਾਲ ਪੁਰਖੁ ਦੇ ਨਾਮੁ ਦੀ ਬਰਕਤਿ ਨਾਲ ਚੜ੍ਹਦੀ ਕਲਾ ਬਣੀ ਰਹਿੰਦੀ ਹੈ। ਪੂਰੇ ਗੁਰੂ ਦੁਆਰਾ ਜਿਸ ਮਨੁੱਖ ਨੂੰ ਅਕਾਲ ਪੁਰਖੁ ਮਿਲ ਜਾਂਦਾ ਹੈ, ਉਹ ਮਨੁੱਖ ਹਰ ਵੇਲੇ ਅਕਾਲ ਪੁਰਖੁ ਵਿਚ ਸੁਰਤਿ ਜੋੜੀ ਰੱਖਦਾ ਹੈ। ਉਸ ਦੇ ਅੰਦਰੋਂ ਆਤਮਕ ਜੀਵਨ ਦੀ ਅਗਿਆਨਤਾ ਦਾ ਹਨੇਰਾ ਕੱਟਿਆ ਜਾਂਦਾ ਹੈ, ਉਸ ਦੇ ਅੰਦਰ ਅਕਾਲ ਪੁਰਖੁ ਦੇ ਨਾਮੁ ਦੀ ਜੋਤਿ ਜਗ ਪੈਂਦੀ ਹੈ। ਅਜੇਹੇ ਮਨੁੱਖ ਲਈ ਅਕਾਲ ਪੁਰਖੁ ਦਾ ਨਾਮੁ ਜ਼ਿੰਦਗੀ ਦਾ ਆਸਰਾ ਬਣ ਜਾਂਦਾ ਹੈ, ਤੇ ਉਹ ਮਨੁੱਖ ਅਕਾਲ ਪੁਰਖੁ ਦੇ ਨਾਮੁ ਵਿਚ ਸਦਾ ਲੀਨ ਰਹਿੰਦਾ ਹੈ। ਇਸ ਲਈ ਉਸ ਮਨੁੱਖ ਦੇ ਮਨ ਵਿਚ ਵਧਾਈ ਮਿਲ ਸਕਦੀ ਹੈ, ਜਿਸ ਮਨੁੱਖ ਨੂੰ ਪੂਰੇ ਗੁਰੂ ਦੁਆਰਾ ਅਕਾਲ ਪੁਰਖੁ ਪਿਆਰਾ ਲੱਗਣ ਲੱਗ ਪੈਂਦਾ ਹੈ, ਤੇ ਉਹ ਮਨੁੱਖ ਅਕਾਲ ਪੁਰਖੁ ਦੇ ਨਾਮੁ ਵਿਚ ਲੀਨ ਰਹਿੰਦਾ ਹੈ।

         ਹਰਿ ਪ੍ਰਭੁ ਹਰਿ ਮਨਿ ਭਾਇਆ ਹਰਿ ਨਾਮਿ ਵਧਾਈ ਰਾਮ ॥ ਗੁਰਿ ਪੂਰੈ ਪ੍ਰਭੁ ਪਾਇਆ ਹਰਿ ਹਰਿ ਲਿਵ ਲਾਈ ਰਾਮ ॥ ਅਗਿਆਨੁ ਅੰਧੇਰਾ ਕਟਿਆ ਜੋਤਿ ਪਰਗਟਿਆਈ ਰਾਮ ॥ ਜਨ ਨਾਨਕ ਨਾਮੁ ਅਧਾਰੁ ਹੈ ਹਰਿ ਨਾਮਿ ਸਮਾਈ ਰਾਮ ॥੨॥ (੮੪੫)

         ਗੁਰੂ ਦੇ ਅੰਦਰ ਅਕਾਲ ਪੁਰਖੁ ਦਾ ਨਾਮੁ ਜਪਣ ਜਪਾਣ ਦਾ ਵੱਡਾ ਗੁਣ ਹੈ, ਅਕਾਲ ਪੁਰਖੁ ਨੇ ਆਪ ਇਹ ਗੁਣ ਸਤਿਗੁਰੂ ਵਿਚ ਵਧਾਇਆ ਹੈ। ਸਤਿਗੁਰੂ ਦੇ ਸਾਰੇ ਸਿੱਖ ਸੇਵਕ ਸਤਿਗੁਰੂ ਦੇ ਇਸ ਗੁਣ ਨੂੰ ਵੇਖ ਕੇ ਆਤਮਕ ਜੀਵਨ ਹਾਸਲ ਕਰਦੇ ਹਨ, ਉਨ੍ਹਾਂ ਨੂੰ ਸਤਿਗੁਰੂ ਦਾ ਇਹ ਗੁਣ ਆਪਣੇ ਹਿਰਦੇ ਵਿਚ ਪਿਆਰਾ ਲੱਗਦਾ ਹੈ। ਜੇ ਨਾਮੁ ਜਪਣ ਜਪਾਣ ਦਾ ਵੱਡਾ ਗੁਣ ਅਕਾਲ ਪੁਰਖੁ ਨੇ ਆਪ ਸਤਿਗੁਰੂ ਦੇ ਅੰਦਰ ਵਧਾਇਆ ਹੈ, ਤਾਂ ਵਧਾਈ ਵੀ ਸਿਰਫ ਸਤਿਗੁਰੂ ਜਾਂ ਅਕਾਲ ਪੁਰਖੁ ਹੀ ਦੇ ਸਕਦੇ ਹਨ।

         ਪਉੜੀ ॥  ਗੁਰ ਸਤਿਗੁਰ ਵਿਚਿ ਨਾਵੈ ਕੀ ਵਡੀ ਵਡਿਆਈ ਹਰਿ ਕਰਤੈ ਆਪਿ ਵਧਾਈ ॥  ਸੇਵਕ ਸਿਖ ਸਭਿ ਵੇਖਿ ਵੇਖਿ ਜੀਵਨ੍ਹ੍ਹਿ ਓਨ੍ਹ੍ਹਾ ਅੰਦਰਿ ਹਿਰਦੈ ਭਾਈ ॥ 

         ਸੰਤ ਜਨ ਆਖਦੇ ਹਨ, ਕਿ ਮੇਰੇ ਅਕਾਲ ਪੁਰਖੁ ਦੇ ਘਰ ਵਿਚ ਖ਼ੁਸ਼ੀ, ਸਦਾ ਖ਼ੁਸ਼ੀ ਹੀ ਰਹਿੰਦੀ ਹੈ। ਉਸ ਅਕਾਲ ਪੁਰਖੁ ਦੇ ਘਰ ਵਿਚ ਇਕ ਰਸ ਸੁਰ ਵਾਲਾ ਸਿਫ਼ਤਿ ਸਾਲਾਹ ਦਾ ਮਿੱਠਾ ਗੀਤ ਸਦਾ ਵਜਦਾ ਰਹਿੰਦਾ ਹੈ। ਜਿਸ ਅਕਾਲ ਪੁਰਖੁ ਦੀ ਸਦਾ ਹੀ ਚੜ੍ਹਦੀ ਕਲਾ ਰਹਿੰਦੀ ਹੈ, ਉਸ ਦੇ ਘਰ ਵਿਚ ਉਸ ਦੀ ਸਿਫ਼ਤਿ ਸਾਲਾਹ ਦੇ ਇਕ ਰਸ ਵਾਜੇ ਵੱਜਦੇ ਰਹਿੰਦੇ ਹਨ। ਇਸ ਲਈ ਸਤਿਗੁਰ ਦੇ ਸਬਦ ਦੁਆਰਾ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਤੇ ਵਧਾਈ ਸਦਾ ਹੁੰਦੀ ਰਹਿੰਦੀ ਹੈ।

         ਮੰਗਲਾ ਹਰਿ ਮੰਗਲਾ ਮੇਰੇ ਪ੍ਰਭ ਕੈ ਸੁਣੀਐ ਮੰਗਲਾ ॥ ਸੋਹਿਲੜਾ ਪ੍ਰਭ ਸੋਹਿਲੜਾ ਅਨਹਦ ਧੁਨੀਐ ਸੋਹਿਲੜਾ ॥ ਅਨਹਦ ਵਾਜੇ ਸਬਦ ਅਗਾਜੇ ਨਿਤ ਨਿਤ ਜਿਸਹਿ ਵਧਾਈ ॥ (੯੨੪-੯੨੫)

         ਹੇ ਅਕਾਲ ਪੁਰਖੁ! ਤੇਰਾ ਬੇਅੰਤ ਹੀ ਵੱਡਾ ਰੁਤਬਾ ਹੈ, ਸੰਸਾਰ ਵਿਚ ਤੇਰੇ ਅਨੇਕਾਂ ਹੀ ਕਿਸਮਾਂ ਦੇ ਕੌਤਕ ਹੋ ਰਹੇ ਹਨ, ਜਿਹੜੇ ਸਮਝੇ ਨਹੀਂ ਜਾ ਸਕਦੇ। ਸਭ ਜੀਵਾਂ ਦੇ ਅੰਦਰ ਤੂੰ ਹੀ ਜਿੰਦ ਰੂਪ ਵਿਚ ਵਸਦਾ ਹੈ, ਤੂੰ ਜੀਵਾਂ ਦੀ ਹਰੇਕ ਗੱਲ ਨੂੰ ਜਾਣਦਾ ਹੈ। ਤੇਰਾ ਟਿਕਾਣਾ ਬਹੁਤ ਸੋਹਣਾ ਹੈ, ਤੇ ਸਾਰੀ ਸ੍ਰਿਸ਼ਟੀ ਤੇਰੇ ਹੀ ਵੱਸ ਵਿਚ ਹੈ। ਇਤਨੀ ਸ੍ਰਿਸ਼ਟੀ ਦਾ ਮਾਲਕ ਹੁੰਦਿਆਂ ਹੋਇਆ ਵੀ ਤੇਰੇ ਹਿਰਦੇ ਵਿਚ ਸਦਾ ਆਨੰਦ ਤੇ ਖ਼ੁਸ਼ੀਆਂ ਹਨ, ਤੂੰ ਆਪਣੇ ਇਤਨੇ ਵੱਡੇ ਮਾਣ ਵਡਿਆਈ ਤੇ ਪਰਤਾਪ ਨੂੰ ਆਪ ਹੀ ਜਰਦਾ ਹੈ। ਅਕਾਲ ਪੁਰਖੁ ਸਾਰੀਆਂ ਤਾਕਤਾਂ ਦਾ ਮਾਲਕ ਹੈ ਤੇ ਹਰੇਕ ਥਾਂ ਤੇ ਦਿੱਸ ਰਿਹਾ ਹੈ। ਗੁਰੂ ਸਾਹਿਬ ਬੇਨਤੀ ਕਰਕੇ ਸਮਝਾਂਦੇ ਹਨ, ਕਿ ਹੇ ਅਕਾਲ ਪੁਰਖੁ! ਨਾਨਕ ਤੇਰੇ ਦਾਸਾਂ ਦਾ ਦਾਸ ਹੈ ਤੇ ਤੇਰੇ ਅੱਗੇ ਹੀ ਅਰਦਾਸ ਬੇਨਤੀ ਕਰਦਾ ਹੈ। ਇਸ ਸਬਦ ਵਿਚ ਸਪੱਸ਼ਟ ਕਰਕੇ ਸਮਝਾਇਆ ਗਿਆ ਹੈ, ਕਿ ਸਭ ਕੁਝ ਅਕਾਲ ਪੁਰਖੁ ਦੇ ਹੱਥ ਵਿਚ ਹੈ, ਫਿਰ ਅਸੀਂ ਕਿਸੇ ਨੂੰ ਵਧਾਈ ਦੇਣ ਵਾਲੇ ਕਿਸ ਤਰ੍ਹਾਂ ਬਣ ਗਏ? ਇਸ ਸਬਦ ਵਿਚ ਤਾਂ ਗੁਰੂ ਸਾਹਿਬ ਦਾਸਾਂ ਦਾ ਦਾਸ ਬਣ ਕੇ ਬੇਨਤੀ ਕਰ ਰਹੇ ਹਨ, ਫਿਰ ਅਸੀਂ ਕਿਸ ਤਰ੍ਹਾ ਦੂਸਰਿਆਂ ਨੂੰ ਵਰ ਜਾਂ ਵਧਾਈ ਦੇਣ ਵਾਲੇ ਹੋ ਸਕਦੇ ਹਾਂ?

         ਪਉੜੀ ॥  ਵਡੀ ਹੂ ਵਡਾ ਅਪਾਰੁ ਤੇਰਾ ਮਰਤਬਾ ॥  ਰੰਗ ਪਰੰਗ ਅਨੇਕ ਨ ਜਾਪਨ੍ਹ੍ਹਿ ਕਰਤਬਾ ॥  ਜੀਆ ਅੰਦਰਿ ਜੀਉ ਸਭੁ ਕਿਛੁ ਜਾਣਲਾ ॥  ਸਭੁ ਕਿਛੁ ਤੇਰੈ ਵਸਿ ਤੇਰਾ ਘਰੁ ਭਲਾ ॥  ਤੇਰੈ ਘਰਿ ਆਨੰਦੁ ਵਧਾਈ ਤੁਧੁ ਘਰਿ ॥  ਮਾਣੁ ਮਹਤਾ ਤੇਜੁ ਆਪਣਾ ਆਪਿ ਜਰਿ ॥  ਸਰਬ ਕਲਾ ਭਰਪੂਰੁ ਦਿਸੈ ਜਤ ਕਤਾ ॥  ਨਾਨਕ ਦਾਸਨਿ ਦਾਸੁ ਤੁਧੁ ਆਗੈ ਬਿਨਵਤਾ ॥੧੮॥ 

         ਪਿਉ ਹਰਨਾਖਸ਼ ਨੇ ਪ੍ਰਹਲਾਦ ਉੱਤੇ ਗੁਰਜ ਚੁੱਕੀ, ਤੇ ਆਖਣ ਲੱਗਾ ਦੱਸ, ਕਿੱਥੇ ਹੈ ਤੇਰਾ ਜਗਦੀਸ਼? ਕਿੱਥੇ ਹੈ ਤੇਰਾ ਗੁਸਾਈਂ? ਜਿਹੜਾ ਤੈਨੂੰ ਹੁਣ ਬਚਾਏਗਾ। ਪ੍ਰਹਲਾਦ ਨੇ ਉੱਤਰ ਦਿੱਤਾ ਜਗਤ ਦਾ ਆਸਰਾ ਦਾਤਾਰ ਅਕਾਲ ਪੁਰਖੁ ਹੀ ਹਰੇਕ ਜੀਵ ਦਾ ਮਦਦਗਾਰ ਬਣਦਾ ਹੈ। ਮੈਂ ਤਾਂ ਜਿੱਧਰ ਵੇਖਦਾ ਹਾਂ, ਉਧਰ ਹੀ ਉਹ ਮੌਜੂਦ ਹੈ। ਉਸੇ ਵੇਲੇ ਥੰਮ@ ਪਾੜ ਕੇ ਅਕਾਲ ਪੁਰਖੁ ਨੇ ਆਪਣੇ ਆਪ ਨੂੰ ਪਰਗਟ ਕਰ ਦਿੱਤਾ, ਰਾਜ ਦੇ ਹੰਕਾਰ ਵਿਚ ਮਸਤ ਹੋਏ ਹਰਨਾਖਸ਼ ਦੈਂਤ ਨੂੰ ਮਾਰ ਮੁਕਾਇਆ। ਅਕਾਲ ਪੁਰਖੁ ਦੀ ਮਿਹਰ ਸਦਕਾ, ਭਗਤਾਂ ਦੇ ਮਨ ਵਿਚ ਸਦਾ ਆਨੰਦ ਤੇ ਚੜ੍ਹਦੀ ਕਲਾ ਬਣੀ ਰਹਿੰਦੀ ਹੈ। ਭਗਤ ਜਾਣਦੇ ਹਨ, ਕਿ ਅਕਾਲ ਪੁਰਖੁ ਆਪਣੇ ਭਗਤਾਂ ਨੂੰ ਲੋਕ ਪਰਲੋਕ ਵਿਚ ਇੱਜ਼ਤ ਬਖਸ਼ਦਾ ਹੈ। ਇਸ ਸਬਦ ਵਿਚ ਸਪੱਸ਼ਟ ਕਰਕੇ ਸਮਝਾਇਆ ਗਿਆ ਹੈ, ਕਿ ਸਭ ਕੁਝ ਅਕਾਲ ਪੁਰਖੁ ਦੇ ਹੱਥ ਵਿਚ ਹੈ, ਸਦਾ ਆਨੰਦ ਤੇ ਚੜ੍ਹਦੀ ਕਲਾ ਬਣਾਈ ਰੱਖਣ ਵਾਲਾ ਵੀ ਅਕਾਲ ਪੁਰਖੁ ਆਪ ਹੀ ਹੈ, ਫਿਰ ਅਸੀਂ ਕਿਸੇ ਨੂੰ ਵਧਾਈ ਦੇਣ ਵਾਲੇ ਕਿਸ ਤਰ੍ਹਾਂ ਬਣ ਸਕਦੇ ਹਾਂ?

         ਥੰਮ੍ਹ੍ਹੁ ਉਪਾੜਿ ਹਰਿ ਆਪੁ ਦਿਖਾਇਆ ॥  ਅਹੰਕਾਰੀ ਦੈਤੁ ਮਾਰਿ ਪਚਾਇਆ ॥  ਭਗਤਾ ਮਨਿ ਆਨੰਦੁ ਵਜੀ ਵਧਾਈ ॥  ਅਪਨੇ ਸੇਵਕ ਕਉ ਦੇ ਵਡਿਆਈ ॥੯॥ 

         ਜੇ ਕਰ ਉਪਰ ਲਿਖੀਆਂ, ਗੁਰਬਾਣੀ ਦੀਆਂ ਸਿਖਿਆਵਾਂ, ਨੂੰ ਇਕੱਠਾ ਕਰੀਏ ਤਾਂ ਅਸੀਂ ਸੰਖੇਪ ਵਿਚ ਕਹਿ ਸਕਦੇ ਹਾਂ ਕਿ
• ਸਤਿਗੁਰੂ ਪਾਸੋਂ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਦੀ ਦਾਤ ਮਿਲਦੀ ਹੈ, ਤੇ, ਸਿਫ਼ਤਿ ਸਾਲਾਹ ਦੀ ਬਰਕਤਿ ਨਾਲ ਮਨੁੱਖ ਦੇ ਮਨ ਵਿਚ ਪੂਰਨ ਖਿੜਾਉ ਪੈਦਾ ਹੋ ਜਾਂਦਾ ਹੈ। ਵਾਧਾਈਆ ਸਤਿਗੁਰੂ ਨੂੰ ਪਾਣ ਨਾਲ ਮਿਲਦੀਆਂ ਹਨ, ਲੋਕਾਂ ਦੇ ਕਹਿਣ ਜਾਂ ਦੇਣ ਨਾਲ ਨਹੀਂ। ਵਾਧਾਈਆ ਆਪਣੇ ਆਪ ਆ ਕੇ ਮਨ ਵਿਚ ਵਜਦੀਆਂ ਹਨ, ਲੋਕਾਂ ਦੇ ਕਹਿਣ ਜਾਂ ਭੇਜਣ ਤੇ ਨਹੀਂ। ਵਾਧਾਈਆ ਦੇਣ ਦਾ ਹੱਕ ਸਿਰਫ ਤੇ ਸਿਰਫ ਸਤਿਗੁਰੂ ਨੂੰ ਹੈ, ਤੇ ਜਾਂ ਅਕਾਲ ਪੁਰਖੁ ਨੂੰ ਹੈ। ਇਹ ਤਾਕਤ, ਸਮਰਥਾ ਜਾਂ ਅਧਿਕਾਰ ਆਮ ਲੋਕਾਂ ਕੋਲ ਨਹੀਂ ਹੈ।
• ਗੁਰੂ ਗਰੰਥ ਸਾਹਿਬ ਵਿਚ ਸਬਦ ਵਾਧਾਈਆ, ਵਧਾਈ, ਆਦਿ ਅਨੇਕਾਂ ਵਾਰੀ ਆਏ ਹਨ, ਪਰੰਤੂ ਇਨ੍ਹਾਂ ਸਭ ਦੇ ਅਰਥ ਇਹੀ ਬਣਦੇ ਹਨ ਕਿ ਮਨ ਵਿਚ ਖ਼ੁਸ਼ੀ, ਖੇੜਾ, ਆਨੰਦ, ਜਾਂ ਵਾਧਾ ਆਦਿ। ਇਨ੍ਹਾਂ ਸਭ ਸਬਦਾਂ ਦੇ ਅਰਥਾਂ ਅਨੁਸਾਰ ਇਹ ਕਿਤੇ ਵੀ ਨਹੀਂ ਇਹ ਬਣਦਾ ਹੈ, ਕਿ, ਇਹ ਖੇੜਾ, ਆਨੰਦ, ਜਾਂ ਵਾਧਾ ਲੋਕਾਂ ਦੇ ਕਹਿਣ ਨਾਲ ਜਾਂ ਲੋਕਾਂ ਦੇ ਕਾਰਡ ਵੰਡਣ ਨਾਲ ਮਿਲ ਸਕਦਾ ਹੈ।
• ਵਧਾਈ ਲੈਣ ਲਈ ਗੁਰਮੁਖਿ ਬਣ ਕਰ ਅਕਾਲ ਪੁਰਖੁ ਦਾ ਨਾਮੁ ਆਪਣੇ ਹਿਰਦੇ ਅੰਦਰ ਟਿਕਾਣਾ ਹੈ
• ਵਧਾਈ ਲੈਣ ਲਈ ਉਸ ਨਿਰਗੁਨੁ ਅਕਾਲ ਪੁਰਖੁ ਦਾ ਮਿਲਾਪ ਜਰੂਰੀ ਹੈ, ਜਿਹੜਾ ਕਿ ਸਤਿਗੁਰੂ ਦੀ ਸ਼ਰਨ ਵਿਚ ਪੈਣ ਨਾਲ ਹੀ ਸੰਭਵ ਹੈ।
• ਗੁਰੂ ਸਾਹਿਬ ਆਪਣੇ ਮਨ ਨੂੰ ਸਮਝਾਂਦੇ ਹਨ, ਕਿ ਹੇ ਮੇਰੇ ਮਨ! ਤੂੰ ਉਸ ਅਕਾਲ ਪੁਰਖੁ ਦਾ ਅੰਸ ਹੈ, ਜੋ ਨਿਰਾ ਨੂਰ ਹੀ ਨੂਰ ਹੈ, ਇਸ ਲਈ ਆਪਣੇ ਉਸ ਅਸਲੇ ਨਾਲ ਸਾਂਝ ਬਣਾ। ਮਨ ਵਿਚ ਸ਼ਾਂਤੀ ਤਾਂ ਹੀ ਆ ਸਕਦੀ ਹੈ, ਤੇ ਵਧਾਈ ਤਾਂ ਹੀ ਵਜ ਸਕਦੀ ਹੈ, ਜੇਕਰ ਗੁਰਬਾਣੀ ਦੁਆਰਾ ਉਸ ਅਕਾਲ ਪੁਰਖੁ ਨੂੰ ਜਾਣ ਲਿਆ ਜਾਵੇ, ਸਤਿਗੁਰੂ ਦੀ ਕਿਰਪਾ ਨਾਲ ਆਪਣੇ ਅੰਦਰੋਂ ਦਵੈਤ ਭਾਵ ਦੂਰ ਕਰ ਲਿਆ ਜਾਵੇ, ਅਜੇਹਾ ਕਰਨ ਨਾਲ ਹੀ ਉਸ ਅਕਾਲ ਪੁਰਖੁ ਦੇ ਦਰ ਤੇ ਪਰਵਾਣ ਹੋ ਸਕਦੇ ਹਾਂ।
• ਮਨ ਵਿਚ ਸ਼ਾਂਤੀ ਤਾਂ ਹੀ ਆ ਸਕਦੀ ਹੈ, ਤੇ ਵਧਾਈ ਤਾਂ ਹੀ ਵਜ ਸਕਦੀ ਹੈ, ਜੇਕਰ ਸਤਿਗੁਰੂ ਦੀ ਕਿਰਪਾ ਨਾਲ ਆਪਣੇ ਅੰਦਰੋਂ ਪਾਪ ਦੂਰ ਕਰ ਲਏ ਜਾਣ, ਤੇ ਗੁਰਬਾਣੀ ਦੁਆਰਾ ਉਸ ਅਕਾਲ ਪੁਰਖੁ ਨੂੰ ਪਛਾਣ ਲਿਆ ਜਾਵੇ।
• ਸਤਿਗੁਰੂ ਦੀ ਕਿਰਪਾ ਨਾਲ ਹੀ ਮਨ ਵਿਚ ਸ਼ਾਂਤੀ ਆ ਸਕਦੀ ਹੈ, ਤੇ ਵਧਾਈ ਵਜ ਸਕਦੀ ਹੈ। ਸਤਿਗੁਰੂ ਦੀ ਕਿਰਪਾ ਨਾਲ ਹੀ ਉਸ ਬੇਅੰਤ ਅਕਾਲ ਪੁਰਖੁ ਦਾ ਮਿਲਾਪ ਹੋ ਸਕਦਾ ਹੈ।
• ਮਨ ਵਿਚ ਵਧਾਈ ਤਾਂ ਹੀ ਵਜ ਸਕਦੀ ਹੈ, ਜਦੋਂ ਗੁਰੂ ਦੀ ਕਿਰਪਾ ਨਾਲ ਪਤੀ ਅਕਾਲ ਪੁਰਖੁ ਜੀਵ ਇਸਤ੍ਰੀ ਦੇ ਅੰਦਰ ਪਰਗਟ ਹੁੰਦਾ ਹੈ, ਤੇ ਗੁਰਬਾਣੀ ਦੀ ਵੀਚਾਰ ਨਾਲ ਅਕਾਲ ਪੁਰਖੁ ਦਾ ਨਾਮੁ ਹਿਰਦੇ ਵਿਚ ਵਸ ਜਾਂਦਾ ਹੈ।
• ਮਨ ਵਿਚ ਵਧਾਈ ਤਾਂ ਹੀ ਵਜ ਸਕਦੀ ਹੈ, ਜਦੋਂ ਸਤਿਗੁਰੂ ਦੀ ਕਿਰਪਾ ਨਾਲ ਅਕਾਲ ਪੁਰਖੁ ਦਾ ਨਾਮੁ ਹਿਰਦੇ ਵਿਚ ਵਸ ਜਾਂਦਾ ਹੈ। ਫਿਰ ਮਨੁੱਖ ਦੇ ਮਨ ਵਿਚੋਂ ਅਕਾਲ ਪੁਰਖੁ ਦਾ ਨਾਮੁ ਕਦੇ ਵਿਸਰਦਾ ਨਹੀਂ।
• ਉਸ ਮਨੁੱਖ ਦੇ ਮਨ ਵਿਚ ਵਧਾਈ ਮਿਲ ਸਕਦੀ ਹੈ, ਜਿਸ ਮਨੁੱਖ ਨੂੰ ਪੂਰੇ ਗੁਰੂ ਦੁਆਰਾ ਅਕਾਲ ਪੁਰਖੁ ਪਿਆਰਾ ਲੱਗਣ ਲੱਗ ਪੈਂਦਾ ਹੈ, ਤੇ ਉਹ ਮਨੁੱਖ ਅਕਾਲ ਪੁਰਖੁ ਦੇ ਨਾਮੁ ਵਿਚ ਲੀਨ ਰਹਿੰਦਾ ਹੈ।
• ਜੇ ਨਾਮੁ ਜਪਣ ਜਪਾਣ ਦਾ ਵੱਡਾ ਗੁਣ ਅਕਾਲ ਪੁਰਖੁ ਨੇ ਆਪ ਸਤਿਗੁਰੂ ਦੇ ਅੰਦਰ ਵਧਾਇਆ ਹੈ, ਤਾਂ ਵਧਾਈ ਵੀ ਸਿਰਫ ਸਤਿਗੁਰੂ ਜਾਂ ਅਕਾਲ ਪੁਰਖੁ ਹੀ ਦੇ ਸਕਦੇ ਹਨ।
• ਸਤਿਗੁਰ ਦੇ ਸਬਦ ਦੁਆਰਾ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਤੇ ਵਧਾਈ ਸਦਾ ਹੁੰਦੀ ਰਹਿੰਦੀ ਹੈ।
• ਗੁਰਬਾਣੀ ਵਿਚ ਸਪੱਸ਼ਟ ਕਰਕੇ ਸਮਝਾਇਆ ਗਿਆ ਹੈ, ਕਿ ਸਭ ਕੁਝ ਅਕਾਲ ਪੁਰਖੁ ਦੇ ਹੱਥ ਵਿਚ ਹੈ, ਫਿਰ ਅਸੀਂ ਕਿਸੇ ਨੂੰ ਵਧਾਈ ਦੇਣ ਵਾਲੇ ਕਿਸ ਤਰ੍ਹਾਂ ਬਣ ਗਏ? ਗੁਰਬਾਣੀ ਵਿਚ ਤਾਂ ਗੁਰੂ ਸਾਹਿਬ ਦਾਸਾਂ ਦਾ ਦਾਸ ਬਣ ਕੇ ਬੇਨਤੀ ਕਰ ਰਹੇ ਹਨ, ਫਿਰ ਅਸੀਂ ਕਿਸ ਤਰ੍ਹਾ ਦੂਸਰਿਆਂ ਨੂੰ ਵਰ ਜਾਂ ਵਧਾਈ ਦੇਣ ਵਾਲੇ ਹੋ ਸਕਦੇ ਹਾਂ?
• ਸਭ ਕੁਝ ਅਕਾਲ ਪੁਰਖੁ ਦੇ ਹੱਥ ਵਿਚ ਹੈ, ਸਦਾ ਆਨੰਦ ਤੇ ਚੜ੍ਹਦੀ ਕਲਾ ਬਣਾਈ ਰੱਖਣ ਵਾਲਾ ਵੀ ਅਕਾਲ ਪੁਰਖੁ ਆਪ ਹੀ ਹੈ, ਫਿਰ ਅਸੀਂ ਕਿਸੇ ਨੂੰ ਵਧਾਈ ਦੇਣ ਵਾਲੇ ਕਿਸ ਤਰ੍ਹਾਂ ਬਣ ਸਕਦੇ ਹਾਂ?

         ਗੁਰਬਾਣੀ ਦੇ ਸਾਰੇ ਸਬਦ ਇਹੀ ਸਮਝਾਂਦੇ ਹਨ, ਸਤਿਗੁਰੂ ਪਾਸੋਂ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਦੀ ਦਾਤ ਮਿਲਦੀ ਹੈ, ਤੇ, ਸਿਫ਼ਤਿ ਸਾਲਾਹ ਦੀ ਬਰਕਤਿ ਨਾਲ ਮਨੁੱਖ ਦੇ ਮਨ ਵਿਚ ਪੂਰਨ ਖਿੜਾਉ ਪੈਦਾ ਹੋ ਜਾਂਦਾ ਹੈ। ਵਾਧਾਈਆ ਆਪਣੇ ਆਪ ਆ ਕੇ ਮਨ ਵਿਚ ਵਜਦੀਆਂ ਹਨ, ਲੋਕਾਂ ਦੇ ਕਹਿਣ ਜਾਂ ਭੇਜਣ ਤੇ ਨਹੀਂ। ਵਧਾਈ ਲੈਣ ਲਈ ਗੁਰਮੁਖਿ ਬਣ ਕੇ ਅਕਾਲ ਪੁਰਖੁ ਦਾ ਨਾਮੁ ਆਪਣੇ ਹਿਰਦੇ ਅੰਦਰ ਟਿਕਾਣਾ ਹੈ। ਮਨ ਵਿਚ ਸ਼ਾਂਤੀ ਤਾਂ ਹੀ ਆ ਸਕਦੀ ਹੈ, ਤੇ ਵਧਾਈ ਤਾਂ ਹੀ ਵਜ ਸਕਦੀ ਹੈ, ਜੇਕਰ ਸਤਿਗੁਰੂ ਦੀ ਕਿਰਪਾ ਨਾਲ ਆਪਣੇ ਅੰਦਰੋਂ ਪਾਪ ਦੂਰ ਕਰ ਲਏ ਜਾਣ, ਤੇ ਗੁਰਬਾਣੀ ਦੁਆਰਾ ਉਸ ਅਕਾਲ ਪੁਰਖੁ ਨੂੰ ਪਛਾਣ ਲਿਆ ਜਾਵੇ। ਉਸ ਮਨੁੱਖ ਦੇ ਮਨ ਵਿਚ ਵਧਾਈ ਮਿਲ ਸਕਦੀ ਹੈ, ਜਿਸ ਮਨੁੱਖ ਨੂੰ ਪੂਰੇ ਗੁਰੂ ਦੁਆਰਾ ਅਕਾਲ ਪੁਰਖੁ ਪਿਆਰਾ ਲੱਗਣ ਲੱਗ ਪੈਂਦਾ ਹੈ, ਤੇ ਉਹ ਮਨੁੱਖ ਅਕਾਲ ਪੁਰਖੁ ਦੇ ਨਾਮੁ ਵਿਚ ਲੀਨ ਰਹਿੰਦਾ ਹੈ। ਵਧਾਈ ਦੇਣ ਦਾ ਹੱਕ ਸਿਰਫ ਤਾਂ ਸਿਰਫ ਸਤਿਗੁਰੂ ਜਾਂ ਅਕਾਲ ਪੁਰਖੁ ਦੇ ਹੱਥ ਵਿਚ ਹੀ ਹੈ, ਮਨੁੱਖ ਦੇ ਹੱਥ ਵਿਚ ਕੁਝ ਵੀ ਨਹੀਂ ਹੈ। ਇਸ ਸ੍ਰਿਸ਼ਟੀ ਵਿਚ ਜੋ ਕੁਝ ਵੀ ਹੋ ਰਿਹਾ ਹੈ, ਉਹ ਸਭ ਕੁਝ ਅਕਾਲ ਪੁਰਖੁ ਦੇ ਆਪਣੇ ਹੱਥ ਵਿਚ ਹੈ, ਸਦਾ ਆਨੰਦ ਤੇ ਚੜ੍ਹਦੀ ਕਲਾ ਬਣਾਈ ਰੱਖਣ ਵਾਲਾ ਵੀ ਅਕਾਲ ਪੁਰਖੁ ਆਪ ਹੀ ਹੈ, ਫਿਰ ਅਸੀਂ ਕਿਸੇ ਨੂੰ ਵਧਾਈ ਦੇਣ ਵਾਲੇ ਕਿਸ ਤਰ੍ਹਾਂ ਬਣ ਸਕਦੇ ਹਾਂ? 
         ਰੀਤੀ ਰਿਵਾਜ ਦੀ ਵਧਾਈ ਦੇਣ ਲਈ ਜਾਂ ਉਸ ਵਧਾਈ ਦਾ ਜਵਾਬ ਦੇਣ ਲਈ ਤਾਂ ਲੋਕੀ ਬਹੁਤ ਜਲਦੀ ਕਰਦੇ ਹਨ, ਪਰੰਤੂ ਫ਼ਤਹ (ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ) ਕਹਿਣ ਲਈ ਤੇ ਉਸ ਦਾ ਜਵਾਬ ਫ਼ਤਹ ਵਿਚ ਦੇਣ ਲਈ ਅਕਸਰ ਝਿਜਕ ਜਾਂਦੇ ਹਨ। ਫ਼ਤਹ ਦਾ ਜਵਾਬ ਪੂਰੇ ਦਿਲ ਅਤੇ ਮਾਣ ਨਾਲ ਫ਼ਤਹ ਵਿਚ ਹੀ ਦੇਣਾਂ ਚਾਹੀਦਾ ਹੈ, ਤਾਂ ਜੋ ਸਿੱਖ ਦੇ ਅੰਦਰ ਆਪਸੀ ਮਿਲਵਰਤਣ, ਸਾਂਝ, ਨਿਮਰਤਾ ਤੇ ਸਬਦ ਗੁਰੂ ਪ੍ਰਤੀ ਪਿਆਰ ਪੈਦਾ ਹੋ ਸਕੇ। 
ਵਾਹਿਗੁਰੂ Þ ਵਾਹਿ + ਗੁਰੂ = ਅਕਾਲ ਪੁਰਖੁ ਦੀ ਉਸਤਤ + ਗੁਰੂ (ਸਬਦ) ਦੁਆਰਾ Þ
ਗੁਰਬਾਣੀ ਦੁਆਰਾ ਅਕਾਲ ਪੁਰਖੁ ਦੀ ਉਸਤਤ ਕਰਨੀ ਹੈ Þ
ਗੁਰਬਾਣੀ ਵਿਚ ਸਮਝਾਏ ਗਏ ਮਾਰਗ ਅਨੁਸਾਰ ਅਕਾਲ ਪੁਰਖੁ ਦੇ ਹੁਕਮੁ ਤੇ ਰਜਾ ਵਿਚ ਚਲਣਾ Þ
“ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ”

         ਗੁਰੂ ਸਾਹਿਬ ਸਮਝਾਂਦੇ ਹਨ, ਕਿ ਮੈਂ ਇਹੋ ਜਿਹੀ ਰੀਤ ਨੂੰ ਸਾੜ ਦਿਆਂ, ਜਿਸ ਕਰਕੇ ਪਿਆਰਾ ਅਕਾਲ ਪੁਰਖੁ ਮੈਨੂੰ ਵਿਸਰ ਜਾਏ। ਪ੍ਰੇਮ ਉਹੋ ਹੀ ਚੰਗਾ ਹੈ, ਜਿਸ ਨਾਲ ਅਕਾਲ ਪੁਰਖੁ ਦੇ ਦਰ ਤੇ ਇੱਜ਼ਤ ਬਣੀ ਰਹੇ।
ਮਹਲਾ ੧ ॥ ਜਾਲਉ ਐਸੀ ਰੀਤਿ ਜਿਤੁ ਮੈ ਪਿਆਰਾ ਵੀਸਰੈ ॥ ਨਾਨਕ ਸਾਈ ਭਲੀ ਪਰੀਤਿ ਜਿਤੁ ਸਾਹਿਬ ਸੇਤੀ ਪਤਿ ਰਹੈ ॥੨॥ (੫੯੦)

         ਆਓ ਸਾਰੇ ਜਾਣੇ ਰੀਤੀ ਰਿਵਾਜ ਤਿਆਗ ਕੇ ਗੁਰੂ ਗਰੰਥ ਸਾਹਿਬ ਵਿਚ ਅੰਕਿਤ ਬਾਣੀ ਦੁਆਰਾ ਅਕਾਲ ਪੁਰਖੁ ਦਾ ਨਾਮੁ ਹਿਰਦੇ ਵਿਚ ਵਸਾਈਏ, ਸਤਿਗੁਰੂ ਦੀ ਕਿਰਪਾ ਨਾਲ ਆਪਣੇ ਅੰਦਰੋਂ ਪਾਪ ਦੂਰ ਕਰੀਏ, ਤਾਂ ਜੋ ਅਕਾਲ ਪੁਰਖੁ ਦੀ ਮਿਹਰ ਸਦਕਾ ਸਾਡੇ ਮਨ ਵਿਚ ਸ਼ਾਂਤੀ ਤਾਂ ਸਕੇ, ਤੇ ਆਪਣੇ ਆਪ ਵਧਾਈ ਵਜ ਸਕੇ।

“ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ”

——————–*********************———————-

Note:  Only Dr. Sarbjit Singh is aware if this article has been published somewhere else also.

ਨੋਟ :  ਵੈੱਬ ਸਾਇਟ ਤੇ ਛਪੇ ਲੇਖਾਂ ਵਿਚ ਲੇਖਕਾਂ ਦੇ ਅਪਣੇ ਵਿਚਾਰ ਹਨ  ਸੰਪਾਦਕੀ ਬੋਰਡ ਦਾ ਇਨ੍ਹਾਂ ਨਾਲ ਪੂਰੀਤਰ੍ਹਾਂ  ਸਹਿਮਤ ਹੌਣਾ ਜ਼ਰੂਰੀ ਨਹੀਂ ਹੈ