ਗੁਰਬਾਣੀ ਵਿੱਚ ‘ਹਰਿਮੰਦਰੁ’ ਦਾ ਸੰਕਲਪ (ਲੇਖਕ – ਪ੍ਰੋ.ਕਸ਼ਮੀਰਾ ਸਿੰਘ, ਯੂ ਐੱਸ ਏ)

ਹਰਿਮੰਦਰੁ=ਹਰਿ+ਮੰਦਰੁ=ਹਰੀ ਦਾ ਮੰਦਰੁ
‘ਹਰਿਮੰਦਰੁ’ ਸ਼ਬਦ ਦੋ ਸ਼ਬਦਾਂ ‘ਹਰਿ’ ਅਤੇ ‘ਮੰਦਰੁ’ ਨੂੰ ਨਾਲ਼ ਨਾਲ਼ ਲਿਖ ਕੇ ਬਣਦਾ ਹੈ, ਭਾਵੇਂ, ਇਹ ਦੋਵੇਂ ਸ਼ਬਦ ਆਜ਼ਾਦ ਰੂਪ ਵਿੱਚ ਵੀ ਵਰਤੇ ਗਏ ਹਨ । ਗੁਰਬਾਣੀ ਵਿੱਚ ‘ਹਰਿ’ ਸ਼ਬਦ ਮੁੱਖ ਤੌਰ ‘ਤੇ ਕਰਤਾ ਪੁਰਖੁ ਵਾਸਤੇ ਵਰਤਿਆ ਗਿਆ ਹੈ, ਭਾਵੇਂ, ਇਸ ਦੇ ਅਰਥ ‘ਖੋਹ ਲੈਣਾ’ ਜਾਂ ‘ਦੂਰ ਕਰਨਾ’ ਵੀ ਵਰਤੇ ਗਏ ਹਨ । ਦੋ ਪ੍ਰਮਾਣ ਹਨ: –
‘ਹਰਿ’ ਸ਼ਬਦ ਦੀ ਗੁਰਬਾਣੀ ਵਿੱਚ ਵਰਤੋਂ:
a). ਹਰਿ ਕਾ ਨਾਮੁ ਰਿਦੈ ਨਿਤ ਧਿਆਈ॥ {ਗਗਸ ੩੯੪/੨}
ਹਰਿ=ਕਰਤਾ ਪੁਰਖੁ ।
ਅ). ਕਹਿ ਕਬੀਰ ਬੁਧਿ ਹਰਿ ਲਈ ਮੇਰੀ ਬੁਧਿ ਬਦਲੀ ਸਿਧਿ ਪਾਈ॥ {ਗਗਸ ੩੩੯/੯}
ਬੁਧਿ ਹਰਿ ਲਈ=ਹਉਮੈ ਵਾਲ਼ੀ ਮੱਤਿ ਖੋਹ ਲਈ ਜਾਂ ਦੂਰ ਕਰ ਦਿੱਤੀ ।
ਮੰਦਰ ਸ਼ਬਦ ਦੀ ਵਰਤੋਂ:
‘ਮੰਦਰ’ ਸ਼ਬਦ ਗੁਰਬਾਣੀ ਵਿੱਚ ‘ਮੰਦਰੁ’, ‘ਮੰਦਰ’ ਅਤੇ ‘ਮੰਦਰਿ’ ਰੂਪ ਵਿੱਚ ਵਰਤਿਆ ਗਿਆ ਹੈ । ਮੰਦਰੁ- {ਪੁਲਿੰਗ ਇੱਕ-ਵਚਨ, ਨਾਂਵ} ਮਹੱਲੁ, ਘਰੁ, ਸ਼ਰੀਰੁ ਜਾਂ ਟਿਕਾਣੇ ਦੀ ਥਾਂ । ਮੰਦਰ- ‘ਮੰਦਰੁ’ ਦਾ ਬਹੁ-ਵਚਨ, ਪੁਲਿੰਗ ਨਾਂਵ ਜਾਂ ਸੰਬੰਧ ਕਾਰਕ ਵਜੋਂ ਵਰਤੋਂ ਜਿਵੇਂ ਮੰਦਰ ਦਾ । ਮੰਦਰਿ-{ਅਧਿਕਰਣ ਕਾਰਕ} ਮੰਦਰ ਵਿੱਚ । 
ਗੁਰਬਾਣੀ ਵਿੱਚ ‘ਹਰਿਮੰਦਰੁ’ ਦੇ ਕੀ ਅਰਥ ਹਨ?
ਗੁਰਬਾਣੀ ਵਿੱਚ ‘ਹਰਿਮੰਦਰੁ’ ਸ਼ਬਦ ਧਰਤੀ ਉੱਤੇ ਬਣਾਏ ਕਿਸੇ ਅਸਥਾਨ ਲਈ ਨਹੀਂ ਵਰਤਿਆ ਗਿਆ । ਇਸ ਸ਼ਬਦ ਦੀ ਵਰਤੋਂ ਧੰਨੁ ਗੁਰੂ ਨਾਨਕ ਪਾਤਿਸ਼ਾਹ ਜੀ ਦੀ ਬਾਣੀ ਵਿੱਚ ਹੀ ਸ਼ੁਰੂ ਹੋ ਗਈ ਸੀ । ਇਸ ਸ਼ਬਦ ਦੇ ਅਰਥ ਸਮਝਣ ਲਈ ਹੇਠ ਲਿਖੇ ਪ੍ਰਮਾਣ ਧਿਆਨ ਗੋਚਰੇ ਕਰਨੇ ਜ਼ਰੂਰੀ ਹਨ: –
ਧੰਨੁ ਗੁਰੂ ਨਾਨਕ ਪਾਤਿਸ਼ਾਹ ਦੀ ਬਾਣੀ ਵਿੱਚ ‘ਹਰਿਮੰਦਰੁ’
ਮਹਲਾ ੧ ਮਲਾਰ॥
a). ਕਾਇਆ ਮਹਲੁ ਮੰਦਰੁ ਘਰੁ ਹਰਿ ਕਾ ਤਿਸੁ ਮਹਿ ਰਾਖੀ ਜੋਤਿ ਅਪਾਰ॥
{ਗਗਸ ੧੨੫੬/੪}
ਅਰਥ: ਕਾਇਆ ਹੀ ਹਰਿ ਕਾ ਮੰਦਰੁ (ਹਰਿਮੰਦਰੁ) , ਮਹੱਲ ਅਤੇ ਘਰੁ ਹੈ ਜਿਸ ਵਿੱਚ ਉਸ ਹਰੀ ਨੇ ਆਪਣੀ ਜੋਤਿ ਟਿਕਾਈ ਹੋਈ ਹੈ । ਹਰੀ ਦਾ ਵਾਸਾ ਹੋਣ ਕਰਕੇ ਕਾਇਆ ਹੀ ‘ਹਰਿਮੰਦਰੁ’ ਹੈ ।
ਅ). ਹਰਿ ਮੰਦਰਿ ਆਵੈ ਜਾ ਪ੍ਰਭ ਭਾਵੈ ਧਨ ਊਭੀ ਗੁਣ ਸਾਰੀ॥ {ਗਗਸ ੧੧੦੭/੧੬}
ਅਰਥ ਵਿਚਾਰ: ‘ਮੰਦਰੁ’ ਸ਼ਬਦ ਦਾ ਅਧਿਕਰਣ ਕਾਰਕ ਰੂਪ {ਮੰਦਰਿ} ਵਰਤਿਆ ਗਿਆ ਹੈ । ਜਦੋਂ ਪ੍ਰਭੂ ਨੂੰ ਚੰਗਾ ਲੱਗਦਾ ਹੈ ਤਾਂ ਉਹ ਜੀਵ ਇਸਤ੍ਰੀ ਦੇ ਹਿਰਦੇ ਘਰ ਵਿੱਚ {ਮੰਦਰ ਵਿੱਚ} ਵਿੱਚ ਆ ਟਿਕਦਾ ਹੈ ਅਤੇ ਜੀਵ ਇਸਤ੍ਰੀ (ਧਨ) ਉਤਾਵਲੀ ਹੋ ਕੇ ਉਸ ਹਰੀ ਦੇ ਗੁਣ ਗਾਉਂਦੀ ਹੈ ।
e). ਸਾਕਤ ਠਉਰ ਨਾਹੀ ਹਰਿ ਮੰਦਰ ਜਨਮ ਮਰੈ ਦੁਖੁ ਪਾਇਆ॥ {ਗਗਸ ੧੪੩/੫}
ਅਰਥ ਵਿਚਾਰ: ਮਾਇਆ-ਵੇੜ੍ਹੇ ਪ੍ਰਾਣੀ ਨੂੰ ‘ਹਰਿਮੰਦਰੁ’ ਦੀ ਸੋਝੀ ਨਹੀਂ, ਭਾਵ, ਹਰੀ ਦੇ ਮੰਦਰ (ਮਹੱਲ) ਦੀ ਥਾਂ ਦੀ ਸੋਝੀ ਨਹੀਂ ਹੁੰਦੀ ਜਿਸ ਕਾਰਣ ਉਸ ਜਨਮ ਮਰਨ ਵਿੱਚ ਪਿਆ ਰਹਿੰਦਾ ਹੈ । ਹਰਿ ਮੰਦਰ {ਹਰਿਮੰਦਰੁ’ ਸੰਬੰਧ ਕਾਰਕ ਵਿੱਚ ਵਰਤਿਆਂ ‘ਹਰਿਮੰਦਰ’ ਬਣ ਜਾਂਦਾ ਹੈ ਹੈ} – ਹਰੀ ਦੇ ਮੰਦਰ ਦੀ ।
ਸ). ਹਰਿ ਕਾ ਮੰਦਰੁ ਸੋਹਣਾ ਕੀਆ ਕਰਣੈਹਾਰਿ॥ {ਗਗਸ ੫੭/੮}
ਅਰਥ ਵਿਚਾਰ: ਸ਼ਰੀਰ ਹਰੀ ਦਾ ਮੰਦਰੁ ਹੈ ਜਿਸ ਨੂੰ ਰਚਣਨਾਹੇ ਨੇ ਆਪ ਹੀ ਅਜਿਹਾ ਬਣਾਇਆ ਹੈ । ਕਰਣੈਹਾਰਿ- {ਕਰਤਾ ਕਾਰਕ ਇੱਕ-ਵਚਨ} ਰਚਣਹਾਰੇ ਨੇ ।
ਧੰਨੁ ਗੁਰੂ ਅਮਰਦਾਸ ਪਾਤਿਸ਼ਾਹ ਜੀ ਦੀ ਬਾਣੀ ਵਿੱਚ ‘ਹਰਿਮੰਦਰੁ’
ਰਾਮਕਲੀ ਕੀ ਵਾਰ ਮ:੩॥ ਪਉੜੀ॥ 
a). ਹਰਿ ਕਾ ਮੰਦਰੁ ਆਖੀਐ ਕਾਇਆ ਕੋਟੁ ਗੜੁ॥  {ਗਗਸ ੯੫੨/੫}
ਅਰਥ ਵਿਚਾਰ: ਕਾਇਆ ਨੂੰ ਹਰੀ ਦੇ ਰਹਿਣ ਵਾਸਤੇ ਕਿਲ੍ਹਾ ਅਤੇ ਮੰਦਰੁ (ਘਰ) ਆਖਿਆ ਜਾਂਦਾ ਹੈ । ਕੋਟੁ ਗੜੁ- ਕਿਲ੍ਹਾ ।
ਅ).  ਹਰਿ ਕਾ ਮੰਦਰੁ ਸਰੀਰੁ ਅਤਿ ਸੋਹਣਾ ਹਰਿ ਹਰਿ ਨਾਮੁ ਦਿੜੁ॥
{ਗਗਸ ੯੫੨/੬}
ਅਰਥ ਵਿਚਾਰ: ਹਰਿ ਕਾ ਮੰਦਰੁ=ਹਰਿਮੰਦਰੁ । ਸ਼ਰੀਰ ਨੂੰ ਹੀ ਹਰੀ ਦਾ ਖ਼ੂਬਸੂਰਤ ਮੰਦਰ ਸਮਝ ਅਤੇ ਹਰੀ ਦੀ ਯਾਦ ਨੂੰ ਪੱਕਾ ਕਰ ।
e). ਪਉੜੀ॥ ਹਰਿਮੰਦਰੁ ਸੋਈ ਆਖੀਐ ਜਿਥਹੁ ਹਰਿ ਜਾਤਾ॥ 
ਮਨਮੁਖ ਹਰਿਮੰਦਰ ਕੀ ਸਾਰ ਨ ਜਣਨੀ ਤਿਨੀ ਜਨਮੁ ਗਵਾਤਾ॥ {ਗਗਸ ੯੫੩/੭}
ਅਰਥ ਵਿਚਾਰ: ਭਾਵੇਂ ਸਾਰੇ ਸ਼ਰੀਰ ਹੀ ਹਰੀ ਦੇ ਨਿਵਾਸ ਲਈ ਘਰ ਹਨ ਪਰ ਅਸਲ ਵਿੱਚ ਉਹ ਸ਼ਰੀਰ ਹੀ ਅਸਲੀ ‘ਹਰਿਮੰਦੁ’ ਹੈ ਜਿਸ ਰਾਹੀਂ ਕਰਤਾ ਪੁਰਖ ਦੀ ਪਛਾਣ ਅਤੇ ਉਸ ਨਾਲ਼ ਸਾਂਝ ਬਣਦੀ ਹੈ ।
ਗੁਰੂ ਦੀ ਬਖ਼ਸ਼ੀ ਮੱਤਿ ਨੂੰ ਛੱਡ ਕੇ ਮਨ ਦੇ ਪਿੱਛੇ ਤੁਰਨ ਵਾਲ਼ੇ ਇਸ ਸ਼ਰੀਰ ‘ਹਰਿਮੰਦਰੁ’ ਦੀ ਕੀਮਤਿ ਨਾ ਜਣਦੇ ਹੋਏ ਆਪਣਾ ਜਨਮ ਅਜਾਈਂ ਬਿਤਾ ਜਾਂਦੇ ਹਨ ।
ਹੇਠਾਂ ਸ ਤੋਂ ਜ ਤਕ ਪ੍ਰਮਾਣ ਤੀਜੇ ਗੁਰੂ ਜੀ ਬਾਣੀ ਗਗਸ ਪੰਨਾਂ ੧੩੪੬ ਤੋਂ ਹਨ-
ਸ). ਗੁਰ ਪਰਸਾਦੀ ਵੇਖੁ ਤੂ ਹਰਿ ਮੰਦਰੁ ਤੇਰੈ ਨਾਲਿ ॥ 
ਅਰਥ ਵਿਚਾਰ: ਗੁਰੂ ਗਿਆਨ ਦੇ ਸਹਾਰੇ ਸੋਚ ਕੇ ਦੇਖ ‘ਹਰਿਮੰਦਰੁ’ (ਰੱਬ ਦਾ ਟਿਕਾਣਾਂ) ਤਾਂ ਤੇਰੇ ਅੰਦਰ ਹੀ ਹੈ ।
ਕਿਸੇ ਸਿਆਣੇ ਨੇ ਕਿਹਾ ਹੈ-
ਦੇਖੀਂ ਨੀ ਦੇਖੀਂ ਅੜੀਏ ਤੇਰੇ ਅੰਦਰ ਬੈਠਾ ਕਉਣ।
ਬਾਹਰ ਜਿਨ੍ਹਾਂ ਨੂੰ ਲੱਭਦੀ ਏਂ ਕਿਤੇ ਓਹੀ ਸੱਜਣ ਨਾ ਹੋਣ!
ਹ). ਹਰਿ ਮੰਦਰੁ ਸਬਦੇ ਖੋਜੀਐ ਹਰਿ ਨਾਮੋ ਲੇਹੁ ਸਮਾਲਿ ॥੧॥ 
ਅਰਥ ਵਿਚਾਰ: ਹਰੀ ਨਾਮ ਦੀ ਯਾਦ ਬਣਾਈ ਰੱਖ ਅਤੇ ਗੁਰੂ ਦੇ ਸ਼ਬਦ ਦੀ ਰੌਸ਼ਨੀ ਵਿੱਚ ‘ਹਰਿਮੰਦਰੁ’ ਆਪਣੇ ਅੰਦਰੋਂ ਲੱਭ । ਇਹ ਕੋਈ ਇੱਟਾਂ ਵੱਟਿਆਂ ਦਾ ਕੋਠਾ ਜਾਂ ਮਹੱਲ ਨਹੀਂ ਹੈ ਜੋ ਬਾਹਰ ਬਣਿਆਂ ਹੋਇਆ ਦਿਸਦਾ ਹੈ ।
ਕ). ਹਰਿ ਮੰਦਰੁ ਏਹੁ ਸਰੀਰੁ ਹੈ ਗਿਆਨਿ ਰਤਨਿ ਪਰਗਟੁ ਹੋਇ ॥ ਮਨਮੁਖ ਮੂਲੁ ਨ ਜਾਣਨੀ ਮਾਣਸਿ ਹਰਿ ਮੰਦਰੁ ਨ ਹੋਇ ॥੨॥
ਅਰਥ ਵਿਚਾਰ: ਮਨੁੱਖੀ ਸ਼ਰੀਰ ਹੀ ‘ਹਰਿਮੰਦਰੁ’ ਹੈ ਜਿਸ ਦੀ ਸੂਝ ਗੁਰੂ ਬਖ਼ਸ਼ੇ ਗਿਆਨ ਰਾਹੀਂ ਹੁੰਦੀ ਹੈ । ਮਨਮੁਖ ਰੱਬ ਨਾਲ਼ ਸਾਂਝ ਨਹੀਂ ਬਣਾਉਂਦੇ ਅਤੇ ਤਾਂ ਹੀ ਉਹ ਆਖਦੇ ਫਿਰਦੇ ਹਨ ਕਿ ‘ਹਰਿਮੰਦਰੁ’ (ਰੱਬ ਦਾ ਘਰੁ) ਮਨੁੱਖ ਦੇ ਅੰਦਰ ਨਹੀਂ ਹੋ ਸਕਦਾ । ਮਾਣਸਿ- {ਅਧਿਕਰਣ ਕਾਰਕ} ਮਨੁੱਖੀ ਸ਼ਰੀਰ ਵਿੱਚ ।
ਖ). ਹਰਿ ਮੰਦਰੁ ਹਰਿ ਜੀਉ ਸਾਜਿਆ ਰਖਿਆ ਹੁਕਮਿ ਸਵਾਰਿ ॥ 
ਅਰਥ ਵਿਚਾਰ: ਮਨੁੱਖਾ ਸ਼ਰੀਰ ਨੂੰ ਹਰੀ ਨੇ ਆਪ ਹੀ ‘ਹਰਿਮੰਦਰੁ’ ਬਣਾ ਕੇ ਸਜਾ-ਸਵਾਰ ਕੇ ਰੱਖਿਆ ਹੋਇਆ ਹੈ ।
ਗ). ਹਰਿ ਮੰਦਰੁ ਸਬਦੇ ਸੋਹਣਾ ਕੰਚਨੁ ਕੋਟੁ ਅਪਾਰ ॥੪॥ 
ਅਰਥ ਵਿਚਾਰ: ਗੁਰੂ ਸ਼ਬਦ ਦੀ ਬਰਕਤ ਨਾਲ਼ ਜਿਸ ਨੇ ਵੀ ਸ਼ਰੀਰ ‘ਹਰਿਮੰਦਰੁ’ ਨੂੰ ਆਤਮਕ ਤੌਰ ‘ਤੇ ਸੁੰਦਰ ਬਣਾ ਲਿਆ ਉਸ ਦਾ ਇਹ ‘ਹਰਿਮੰਦਰੁ’ ਮਾਨੋ ਅਪਾਰ (ਬਿਅੰਤ) ਹਰੀ ਨਿਵਾਸ ਲਈ ਸੋਨੇ ਦਾ ਕਿਲ੍ਹਾ ਹੀ ਬਣ ਗਿਆ ।
ਘ). ਹਰਿ ਮੰਦਰੁ ਏਹੁ ਜਗਤੁ ਹੈ ਗੁਰ ਬਿਨੁ ਘੋਰੰਧਾਰ॥
ਅਰਥ ਵਿਚਾਰ: ਇਹ ਸਾਰਾ ਜਗਤ ਵੀ ਹਰੀ ਦਾ ਮੰਦਰੁ ਹੀ ਹੈ ਪਰ ਗੁਰੂ ਬਖ਼ਸ਼ੀ ਆਤਮਕ ਜੀਵਨ ਦੀ ਸੂਝ ਤੋਂ ਬਿਨਾਂ ਮਨ ਵਿੱਚ ਅਗਿਆਨਤਾ ਦਾ ਹਨ੍ਹੇਰਾ ਹੀ ਬਣਿਆਂ ਰਹਿੰਦਾ ਹੈ ਅਤੇ ਇਸ ਭੇਤ ਦਾ (ਹਰਿ ਮੰਦਰ ਦਾ) ਪਤਾ ਨਹੀਂ ਲੱਗਦਾ ।
ਙ). ਹਰਿ ਮੰਦਰ ਮਹਿ ਨਾਮੁ ਨਿਧਾਨੁ ਹੈ ਨਾ ਬੂਝਹਿ ਮੁਗਧ ਗਵਾਰ ॥ ਗੁਰ ਪਰਸਾਦੀ ਚੀਨਿ@ਆ ਹਰਿ ਰਾਖਿਆ ਉਰਿ ਧਾਰਿ ॥੭॥ 
ਅਰਥ ਵਿਚਾਰ: ਇਸ ਸ਼ਰੀਰ ‘ਹਰਿਮੰਦਰੁ’ ਵਿੱਚ ਨਾਮ ਦਾ ਖ਼ਜ਼ਾਨਾ ਹੈ ਪਰ ਮੂਰਖਾਂ ਨੂੰ ਇਸ ਭੇਤ ਦਾ ਪਤਾ ਨਹੀਂ ਲੱਗਦਾ । ਗੁਰੂ-ਸ਼ਬਦ ਦੇ ਗਿਆਨ ਨਾਲ਼ ਜਿਸ ਨੇ ਇਹ ਭੇਤ ਸਮਝਿਆ ਉਸ ਨੇ ਇਸ ਖ਼ਜ਼ਾਨੇ ਦੀ ਸੰਭਾਲ਼ ਦਾ ਉੱਦਮ ਕੀਤਾ ਹੈ ।
ਚ). ਹਰਿ ਮੰਦਰੁ ਹਰਿ ਕਾ ਹਾਟੁ ਹੈ ਰਖਿਆ ਸਬਦਿ ਸਵਾਰਿ ॥ ਤਿਸੁ ਵਿਚਿ ਸਉਦਾ ਏਕੁ ਨਾਮੁ ਗੁਰਮੁਖਿ ਲੈਨਿ ਸਵਾਰਿ ॥੯॥ 
ਅਰਥ ਵਿਚਾਰ: ਤੀਜੇ ਗੁਰੂ ਪਾਤਿਸ਼ਾਹ ਜੀ ਅਨੁਸਾਰ ਇਹ ਸ਼ਰੀਰ ਹਰੀ ਦਾ ਮੰਦਰ ਹੈ ਅਤੇ ਇਹ ਹਰੀ ਦੇ ਨਾਮ ਦਾ ਹੱਟ ਹੈ । ਇਸ ਸ਼ਰੀਰ ‘ਹਰਿਮੰਦਰੁ’ ਨੂੰ ਗੁਰੂ ਦੇ ਸ਼ਬਦ ਦੇ ਗਿਆਨ ਨਾਲ਼ ਆਤਮਕ ਤੌਰ ‘ਤੇ ਸਵਾਰ ਕੇ ਰੱਖਿਆ ਜਾ ਸਕਦਾ ਹੈ । ਇਸ ਸ਼ਰੀਰ ਹੱਟ ਵਿੱਚ ਨਾਮ ਦਾ ਸਉਦਾ ਪਿਆ ਹੈ ਜਿਸ ਨੂੰ ਗੁਰੂ ਦੇ ਸਨਮੁਖ ਰਹਿਣ ਵਾਲ਼ੇ ਹੀ ਵਣਜਦੇ ਹਨ ।
ਛ). ਹਰਿ ਮੰਦਰ ਮਹਿ ਮਨੁ ਲੋਹਟੁ ਹੈ ਮੋਹਿਆ ਦੂਜੈ ਭਾਇ ॥ ਪਾਰਸਿ ਭੇਟਿਐ ਕੰਚਨੁ ਭਇਆ ਕੀਮਤਿ ਕਹੀ ਨ ਜਾਇ ॥੧੦॥
ਅਰਥ ਵਿਚਾਰ: ਹਰਿਮੰਦਰੁ+ਮਹਿ=ਹਰਿਮੰਦਰ ਮਹਿ ।ਸ਼ਰੀਰ ਹਰੀ ਦਾ ਮੰਦਰ ਹੈ । ਮੋਹ ਮਾਇਆ ਵਿੱਚ ਫਸਿਆ ਮਨ ਇਸ ਹਰੀ ਦੇ ਮੰਦਰ ਵਿੱਚ ਲੋਹਾ ਹੀ ਬਣਿਆਂ ਰਹਿੰਦਾ ਹੈ । ਜੇ ਗੁਰੂ ਪਾਰਸ ਤੋਂ ਗਿਆਨ ਦਾ ਚਾਨਣ ਲੈ ਲਿਆ ਜਾਵੇ ਤਾਂ ਇਹ ਮਨ ਲੋਹੇ ਤੋਂ ਸੋਨਾ (ਮੰਦੇ ਤੋਂ ਚੰਗਾ) ਕੀਮਤੀ ਬਣ ਸਕਦਾ ਹੈ ।
ਜ). ਹਰਿ ਮੰਦਰ ਮਹਿ ਹਰਿ ਵਸੈ ਸਰਬ ਨਿਰੰਤਰਿ ਸੋਇ ॥ ਨਾਨਕ ਗੁਰਮੁਖਿ ਵਣਜੀਐ ਸਚਾ ਸਉਦਾ ਹੋਇ ॥੧੧॥੧॥ 
ਅਰਥ ਵਿਚਾਰ: ਜਿਹੜਾ ਹਰੀ ਸਰਬ ਨਿਵਾਸੀ ਹੈ ਉਹ ਸ਼ਰੀਰ ‘ਹਰਿਮੰਦਰੁ’ ਵਿੱਚ ਵੀ ਵਸਦਾ ਹੈ । ਗੁਰੂ ਦੇ ਗਿਆਨ ਰਾਹੀਂ ਹੀ ਇਸ ਸ਼ਰੀਰ ਵਿੱਚ ਸਦਾ ਕਾਇਮ ਰਹਿਣ ਵਾਲ਼ਾ ਨਾਮ ਦਾ ਸਉਦਾ ਵਣਜਿਆ ਜਾ ਸਕਦਾ ਹੈ ।
‘ਹਰਿਮੰਦਰੁ’= ਹਰੀ ਦਾ ਘਰੁ ।ਹਰਿਮੰਦਰ ਮਹਿ= ਹਰੀ ਦੇ ਘਰ ਵਿੱਚ। 
‘ਹਰਿਮੰਦਰ ਮਹਿ’ ਵਿੱਚ ਸ਼ਬਦ ‘ਹਰਿਮੰਦਰੁ’ ਹੀ ਹੈ ਪਰ ‘ਮਹਿ’ ਸੰਬੰਧਕ ਦੇ ਕਾਰਣ /ਰੁ/ ਤੋਂ /ਰ/ ਧੁਨੀ ਹੋ ਗਈ ਹੈ । 
ਝ). ਹਰਿ ਮੰਦਰੁ ਹਰਿ ਸਾਜਿਆ ਹਰਿ ਵਸੈ ਜਿਸੁ ਨਾਲਿ॥ {ਗਗਸ ੧੪੧੮/੧੮}
ਅਰਥ ਵਿਚਾਰ: ਮਨੁੱਖੀ ਸ਼ਰੀਰ ਨੂੰ ਹਰੀ ਨੇ ਆਪਣਾ ਮੰਦਰੁ ਆਪ ਹੀ ਬਣਾਇਆ ਹੈ ਜਿਸ ਵਿੱਚ ਉਹ ਆਪ ਨਿਵਾਸ ਰੱਖਦਾ ਹੈ । 
ਞ). ਕਾਇਆ ਹਰਿ ਮੰਦਰੁ ਹਰਿ ਆਪਿ ਸਵਾਰੇ॥ਤਿਸੁ ਵਿਚਿ ਹਰਿ ਜੀਉ ਵਸੈ ਮੁਰਾਰੇ॥ ਗੁਰ ਕੈ ਸਬਦਿ ਵਣਜਨਿ ਵਾਪਾਰੀ ਨਦਰੀ ਆਪਿ ਮਿਲਾਇਦਾ॥ {ਗਗਸ ੧੦੫੯/੧੭} 
ਅਰਥ ਵਿਚਾਰ: ਸ਼ਰੀਰ ਹਰੀ ਦਾ ਮੰਦਰੁ ਹੈ ਜਿਸ ਨੂੰ ਹਰੀ ਨੇ ਆਪ ਹੀ ਆਪਣੇ ਬੈਠਣ ਲਈ ਸਵਾਰਿਆ ਹੈ । ਗੁਰੂ ਦੇ ਸ਼ਬਦ ਦੇ ਗਿਆਨ ਰਾਹੀਂ ਜੋ ਹਰੀ-ਨਾਮ ਦਾ ਵਾਪਾਰ ਇਸ ਸ਼ਰੀਰ ਵਿੱਚ ਕਰਦੇ ਹਨ ਉਨ੍ਹਾਂ ਨੂੰ ਹਰੀ ਆਪਣੀ ਯਾਦ ਬਖ਼ਸ਼ ਦਿੰਦਾ ਹੈ ।
ਧੰਨੁ ਗੁਰੂ ਰਾਮਦਾਸ ਪਾਤਿਸ਼ਾਹ ਜੀ ਦੀ ਬਾਣੀ ਵਿੱਚ ‘ਹਰਿਮੰਦਰੁ’
‘ਹਰਿ’ ਅਤੇ ‘ਮੰਦਰੁ’ ਸ਼ਬਦ ਇਕੱਠੇ ਵਰਤੇ ਹੋਏ ਨਹੀਂ ਮਿਲ਼ਦੇ ਪਰ ਮੰਦਰ ਸ਼ਬਦ ਦੀ ਵਰਤੋਂ ਕੀਤੀ ਮਿਲ਼ਦੀ ਹੈ ਜਿਸ ਤੋਂ ‘ਹਰਿਮੰਦਰੁ’ ਸ਼ਬਦ ਦੇ ਅਰਥਾਂ ਦਾ ਬੋਧ ਜ਼ਰੂਰ ਹੋ ਜਾਂਦਾ ਹੈ ਕਿ ਇਹ ਕੋਈ ਧਰਤੀ ਉੱਤੇ ਬਣਿਆਂ ਇੱਟਾਂ ਪੱਥਰਾਂ ਦਾ ਕੋਠਾ ਨਹੀਂ ਸਗੋਂ ਸ਼ਰੀਰ ਹੀ ਹਰੀ ਦਾ ਮੰਦਰ ਹੈ । ਹੇਠ ਲਿਖੇ ਪ੍ਰਮਾਣ ਵਿਚਾਰ ਗੋਚਰੇ ਕੀਤੇ ਜਾਂਦੇ ਹਨ-
a). ਰਾਮ ਨਾਮੁ ਰਤਨ ਕੋਠੜੀ ਗੜ ਮੰਦਰਿ ਏਕ ਲੁਕਾਨੀ॥
ਸਤਿਗੁਰੁ ਮਿਲੈ ਤ ਖੋਜੀਐ ਮਿਲਿ ਜੋਤੀ ਜੋਤਿ ਸਮਾਨੀ॥ {ਗਗਸ ੧੧੭੮/੪}
ਅਰਥ ਵਿਚਾਰ: ਰਤਨ ਕੋਠੜੀ- ਵਧੀਆ ਆਤਮਕ ਗੁਣਾ ਦਾ ਖ਼ਜ਼ਾਨਾ । ਗੜ ਮੰਦਰਿ- ਸ਼ਰੀਰ ਕਿਲ੍ਹੇ (ਮੰਦਰ) ਵਿੱਚ । ਲੁਕਾਨੀ- ਗੁਪਤ ਹੈ ।ਇਸ ਖ਼ਜ਼ਾਨੇ ਦੀ ਖੋਜ ਗੁਰੂ ਦੇ ਬਖ਼ਸ਼ੇ ਸ਼ਬਦ-ਗਿਆਨ ਨਾਲ਼ ਕੀਤੀ ਜਾ ਸਕਦੀ ਹੈ ਅਤੇ ਜ਼ਿੰਦ ਰੱਬੀ ਜੋਤਿ ਵਿੱਚ ਲੀਨ ਹੋ ਸਕਦੀ ਹੈ । 
ਅ). ਮਨੁ ਖਿਨੁ ਖਿਨੁ ਭਰਮਿ ਭਰਮਿ ਬਹੁ ਧਾਵੈ ਤਿਲੁ ਘਰਿ ਨਹੀ ਵਾਸਾ ਪਾਈਐ ॥ ਗੁਰਿ ਅੰਕਸੁ ਸਬਦੁ ਦਾਰੂ ਸਿਰਿ ਧਾਰਿਓ ਘਰਿ ਮੰਦਰਿ ਆਣਿ ਵਸਾਈਐ ॥੧॥ {ਗਗਸ ੧੧੭੯/੪}
ਅਰਥ ਵਿਚਾਰ: ਘਰਿ- ਸ਼ਰੀਰ ਘਰ ਵਿੱਚ । ਘਰਿ ਮੰਦਰਿ- ਸ਼ਰੀਰ ਮੰਦਰ ਵਿਚ । ਮਨ ਭਟਕਦਾ ਰਹਿੰਦਾ ਹੈ ਅਤੇ ਸ਼ਰੀਰ ਘਰ ਵਿੱਚ ਟਿਕਿਆ ਨਹੀਂ ਰਹਿੰਦਾ । ਗੁਰੂ ਨੇ {ਗੁਰਿ-ਅਧਿਕਰਣ ਕਾਰਕ} ਜਿਸ ਦੇ ਸਿਰ ਉੱਤੇ ਸ਼ਬਦ ਦਾ ਅੰਕੁਸ਼ ਰੱਖ ਦਿੱਤਾ ਉਸ ਦੇ ਮਨ ਨੂੰ ਗੁਰੂ ਜੀ ਨੇ ਸ਼ਰੀਰ ਮੰਦਰ ਵਿੱਚ ਟਿਕਾ ਦਿੱਤਾ ।
ਸ).  ਜਿਤੁ ਗ੍ਰਿਹਿ ਮੰਦਰਿ ਹਰਿ ਹੋਤੁ ਜਾਸੁ ਤਿਤੁ ਘਰਿ ਆਨਦੋ ਆਨੰਦੁ ਭਜੁ ਰਾਮ ਰਾਮ ਰਾਮ ॥  {ਗਗਸ ੧੨੯੭/੪}
ਅਰਥ ਵਿਚਾਰ: ਗ੍ਰਿਹਿ- {ਅਧਿਕਰਣ ਕਾਰਕ} ਸ਼ਰੀਰ ਘਰ ਵਿੱਚ । ਮੰਦਰਿ- {ਅਧਿਕਰਣ ਕਾਰਕ} ਸ਼ਰੀਰ ਮੰਦਰ ਵਿੱਚ । ਜਿਸ ਸ਼ਰੀਰ ਮੰਦਰ (ਘਰ) ਵਿੱਚ ਹਰੀ ਦੀ ਸਿਫ਼ਤਿ ਹੁੰਦੀ ਹੈ ਉਸ ਸ਼ਰੀਰ ਮੰਦਰ ਵਿੱਚ ਆਤਮਕ ਖੇੜਾ ਬਣਿਆ ਰਹਿੰਦਾ ਹੈ ।
ਹ). ਕਾਇਆ ਨਗਰਿ ਵਸਿਓ ਘਰਿ ਮੰਦਰਿ ਜਪਿ ਸੋਭਾ ਗੁਰਮੁਖਿ ਕਰਪਫਾ ॥ ਹਲਤਿ ਪਲਤਿ ਜਨ ਭਏ ਸੁਹੇਲੇ ਮੁਖ ਊਜਲ ਗੁਰਮੁਖਿ ਤਰਫਾ ॥੨॥
ਅਰਥ ਵਿਚਾਰ: ਕਾਇਆ ਨਗਰਿ- ਸ਼ਰੀਰ ਨਗਰ ਵਿੱਚ । ਘਰਿ ਮੰਦਰਿ- ਸ਼ਰੀਰ ਮੰਦਰ ਵਿੱਚ । ਕਰਪਫਾ- ਕਰਦੇ ਹਨ । ਤਰਫਾ- ਤਰਦੇ ਹਨ । ਸ਼ਰੀਰ ਮੰਦਰ ਵਿੱਚ ਹਰੀ ਵਸਦਾ ਹੈ ਪਰ ਗੁਰੂ ਸਨਮੁਖੀਏ ਹੀ ਹਰੀ ਦੀ ਸ਼ੋਭਾ ਕਰਦੇ ਹਨ । ਐਸੇ ਗੁਰਮੁਖ ਲੋਕ ਪ੍ਰਲੋਕ ਵਿੱਚ ਉੱਜਲ ਮੁੱਖ ਨਾਲ਼ ਸੁਖੀ ਰਹਿੰਦੇ ਹਨ ਅਤੇ ਭਵਸਾਗਰ ਤਰ ਜਾਂਦੇ ਹਨ ।
ਧੰਨੁ ਗੁਰੂ ਅਰਜੁਨ ਪਾਤਿਸ਼ਾਹ ਜੀ ਦੀ ਬਾਣੀ ਵਿੱਚ ‘ਹਰਿਮੰਦਰੁ’
a). ਹਰਿਮੰਦਰੁ ਹਰਿ ਜੀਉ ਸਾਜਿਆ ਮੇਰੇ ਲਾਲ ਜੀਉ ਹਰਿ ਤਿਸੁ ਮਹਿ ਰਹਿਆ ਸਮਾਏ ਰਾਮ॥ {ਗਗਸ ੫੪੨/੧੧}
ਅਰਥ ਵਿਚਾਰ: ਉੱਪਰੋਕਤ ਝ). ਹਰਿ ਮੰਦਰੁ ਹਰਿ ਸਾਜਿਆ ਹਰਿ ਵਸੈ ਜਿਸੁ ਨਾਲਿ॥ {ਗਗਸ ੧੪੧੮/੧੮} ਅਨੁਸਾਰ ਜੋ ਤੀਜੇ ਗੁਰੂ ਜੀ ਵਲੋਂ ਲਿਖੀ ਪੰਕਤੀ ਹੈ ਉਹ ਪੰਜਵੇਂ ਗੁਰੂ ਜੀ ਵਲੋਂ ਲਿਖੀ ਪੰਕਤੀ ਨਾਲ਼ ਮੇਲ਼ ਖਾਂਦੀ ਹੈ ਅਤੇ ਅਰਥ ਦੋਹਾਂ ਪੰਕਤੀਆਂ ਦੇ ਇੱਕੋ ਜਿਹੇ ਹੀ ਹਨ । 
ਅ). ਹਰਿ ਜਪੇ ਹਰਿਮੰਦਰੁ ਸਾਜਿਆ ਸੰਤ ਭਗਤ ਗੁਣ ਗਾਵਹਿ ਰਾਮ॥ {ਗਗਸ ੭੮੧/੧੨}
ਅਰਥ ਵਿਚਾਰ: ਮਨੁੱਖ ਦਾ ਇਹ ਸ਼ਰੀਰ ਰੂਪੀ ਘਰ (ਹਰਿਮੰਦਰੁ) ਹਰੀ ਨੇ ਨਾਮ ਜਪਣ ਲਈ ਬਣਾਇਆ ਹੈ ।ਇਸ ਸ਼ਰੀਰ ਘਰ ਵਿੱਚ ਸੰਤ ਅਤੇ ਭਗਤ ਜਨ ਹਰੀ ਦੇ ਗੁਣ ਗਾਉਂਦੇ ਰਹਿੰਦੇ ਹਨ । ਹਰਿ ਜਪੇ- ਹਰੀ ਦਾ ਨਾਮ ਜਪਣ ਲਈ । ਉੱਪਰੋਕਤ ਝ ਭਾਗ ਵਿੱਚ ਵੀ ਤੀਜੇ ਸਤਿਗੁਰੂ ਜੀ ਵਲੋਂ ਵਰਤੇ ‘ਹਰਿਮੰਦਰੁ ਸਾਜਿਆ’ ਸ਼ਬਦ ਪੰਜਵੇਂ ਗੁਰੂ ਜੀ ਨੇ ਭੀ ਉਸੇ ਤਰ੍ਹਾਂ ਹੀ ਵਰਤੇ ਹਨ ।
e). ਹਰਿ ਕਾ ਮੰਦਰੁ ਤਿਸੁ ਮਹਿ ਲਾਲੁ॥ ਗੁਰਿ ਖੋਲਿਆ ਪੜਦਾ ਦੇਖਿ ਭਈ ਨਿਹਾਲੁ॥ {ਗਗਸ ੮੦੧/੧੨}
ਅਰਥ ਵਿਚਾਰ: ਸ਼ਰੀਰ ਹਰੀ ਦਾ ਨਿਵਾਸ ਅਸਥਾਨ ਹੈ ਜਿਸ ਉਹ ਕੀਮਤੀ ਲਾਲ ਹਰੀ ਵਸਦਾ ਹੈ । ਜਦੋਂ ਗੁਰੂ ਜੀ ਜੀਵ ਇਸਤ੍ਰੀ ਦੇ ਭਰਮ ਭੁਲੇਖੇ ਦਾ ਪੜਦਾ ਖੋਲ੍ਹਦੇ ਹਨ ਤਾਂ ਸ਼ਰੀਰ ਦੇ ਅੰਦਰੋਂ ਹੀ ਇੱਥੇ ਵਸਦੇ ਲਾਲ ਨੂੰ ਸੁਰਤੀ ਦੀਆਂ ਅੱਖਾਂ ਨਾਲ਼ ਦੇਖ ਕੇ ਉਹ ਨਿਹਾਲ ਹੋ ਜਾਂਦੀ ਹੈ ।
ਸ). ਕਰਿ ਅਪੁਨੀ ਦਾਸੀ ਮਿਟੀ ਉਦਾਸੀ ਹਰਿ ਮੰਦਰਿ ਥਿਤਿ ਪਾਈ॥ {ਗਗਸ ੭੮੨/੧੨}
ਅਰਥ ਵਿਚਾਰ:
ਹਰੀ ਨੇ ਜੀਵ ਇਸਤ੍ਰੀ ਨੂੰ ਆਪਣੀ ਦਾਸੀ ਬਣਾ ਕੇ ਉਸ ਦੇ ਅੰਦਰੋਂ ਮੋਹ ਮਾਇਆ ਦੀ ਭਟਕਣਾ ਮਿਟਾ ਦਿੱਤੀ । ਉਸ ਜੀਵ ਇਸਤ੍ਰੀ ਨੇ ਹਰੀ ਦੇ ਬਣਾਏ ਇਸ ਸ਼ਰੀਰ-ਮੰਦਰ ਵਿੱਚ ਹੀ ਟਿਕਾਉ ਬਣਾ ਲਿਆ । ਮੰਦਰਿ- {ਅਧਿਕਰਣ ਕਾਰਕ} ਸ਼ਰੀਰ-ਮੰਦਰ ਵਿੱਚ ।
ਸਿੱਟਾ: ਗੁਰਬਾਣੀ ਅਨੁਸਾਰ ‘ਹਰਿਮੰਦਰੁ’ ਕਿਸੇ ਇਮਾਰਤ ਦਾ ਨਾਂ ਨਹੀਂ ਹੈ। ਇਸ ਦਾ ਅਰਥ ਹੈ-ਸ਼ਰੀਰ ਹੀ ਹਰੀ ਦਾ ਮੰਦਰੁ (ਟਿਕਾਣਾ) ਜਾਂ ਘਰ ਹੈ ।
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੈ ਜੈਕਾਰ!

————————————————————————————————————————-

Note:  Only Professor Kashmira Singh is aware if this article has been published somewhere else also.

ਨੋਟ :  ਵੈੱਬ ਸਾਇਟ ਤੇ ਛਪੇ ਲੇਖਾਂ ਵਿਚ ਲੇਖਕਾਂ ਦੇ ਅਪਣੇ ਵਿਚਾਰ ਹਨ । ਸੰਪਾਦਕੀ ਬੋਰਡ ਦਾ ਇਨ੍ਹਾਂ ਨਾਲ ਪੂਰੀ ਤਰ੍ਹਾਂ  ਸਹਿਮਤ ਹੌਣਾ ਜ਼ਰੂਰੀ ਨਹੀਂ ਹੈ ।