ਲਫ਼ਜ਼ ‘ਮਹਲਾ’ ਦਾ ਉੱਚਾਰਣ ਅਤੇ ਅਰਥ ( ਲੇਖਕ – ਪ੍ਰੋ.ਕਸ਼ਮੀਰਾ ਸਿੰਘ, ਯੂ. ਐੱਸ. ਏ)

ਮਹਲਾ = mahalaa

(ਮੁਕਤਾ = a, ਕੰਨਾਂ = aa)

ਮਹਲਾ‘ ਸ਼ਬਦ ਗੁਰਬਾਣੀ ਵਿੱਚ ੨੬੩੧ ਵਾਰੀ ਵੱਖ-ਵੱਖ ਅਰਥਾਂ ਵਿੱਚ ਆਇਆ ਹੈ।  ਬਾਣੀ ਦੇ ਸਿਰਲੇਖਾਂ ਵਿੱਚ ਵਰਤੇ ‘ਮਹਲਾ’,  ‘ਮਹਲੁ’ ਅਤੇ  ‘ਮਹਲੇ’  ਸ਼ਬਦ-ਸਰੂਪਾਂ ਦੇ ਉਚਾਰਣ ਅਤੇ ਅਰਥਾਂ ਪ੍ਰਤੀ ਹੀ ਵਿਚਾਰ ਕੇਂਦਰਤ ਰੱਖੀ ਜਾਵੇਗੀ।  ਸਿਰਲੇਖਾਂ ਵਿੱਚ ‘ਮਹਲਾ’ ਸ਼ਬਦ ਦਾ ਸ਼ੁੱਧ ਪਾਠ ‘ਮਹਲਾ‘ (mahalaa) ਹੈ {‘ਮ’ ਅਤੇ ‘ਹ’ ਬੋਲਣ ਵਿੱਚ ਮੁਕਤਾ ਅੱਖਰ ਹਨ ਜੋ ਬਾਕੀ ੯ ਮਾਤ੍ਰਾਂ ਦੇ ਮੁਥਾਜ ਨਹੀਂ ਹਨ, ‘ਹ’ ਅੱਖਰ ਉੱਤੇ ਅੱਧਕ ਵੀ ਨਹੀਂ ਬੋਲਣਾ}। 

        ਇਹ ਸ਼ਬਦ ‘ਮਹੱਲਾ’ mahallaa , ‘ਮਹਿਲਾ’ mahilaa ਜਾਂ ‘ਮੈਹਲਾ’ maihala ਕਰਕੇ ਬੋਲਣਾ ਅਯੋਗ ਹੈ ਭਾਵੇਂ ਅਜਿਹਾ ਬੋਲਿਆ ਜਾ ਰਿਹਾ ਹੈ।

ਪਾਠ ‘ਮਹੱਲਾ’ ਕਿਵੇਂ ਚੱਲਿਆ?

        ‘ਮਹਲਾ’ ਨੂੰ ‘ਮਹੱਲਾ’ ਸਮਝ ਕੇ ਪੜ੍ਹਨ ਦਾ ਭੁਲੇਖਾ ਸਿਰਲੇਖਾਂ ਵਿੱਚ ਵਰਤੇ ਸ਼ਬਦ ‘ਘਰੁ’ ਤੋਂ ਪਿਆ ਜਾਪਦਾ ਹੈ। ਧੰਨੁ ਗੁਰੂ ਗ੍ਰੰਥ ਸਾਹਿਬ ਵਿੱਚ ਵਰਤੇ ਸ਼ਬਦਾਂ ‘ਘਰੁ’, ‘ਪਉੜੀ’ ਅਤੇ ‘ਪਉੜੀਆ’ ਤੋਂ ਟਪਲ਼ਾ ਖਾ ਕੇ ਪਾਠਕ ਸਮਝ ਬੈਠੇ ਕਿ ਏਥੇ ਮਹੱਲੇ (ਘਰਾਂ ਦੇ ਕੁਝ ਸਮੂਹ) ਵੀ ਹਨ।

        ਭਗਤ ਬਾਣੀ ਵਿੱਚ ‘ਘਰੁ’ ਸ਼ਬਦ ਤਾਂ ਹੈ ਪਰ ਓਥੇ ‘ਮਹਲਾ’ ਸ਼ਬਦ ਨਹੀਂ ਹੈ ।ਤਾਂ ਫਿਰ ‘ਮਹਲਾ’ ਸ਼ਬਦ ਦਾ ‘ਘਰੁ’ ਸ਼ਬਦ ਨਾਲ਼ ਕੋਈ ਮੇਲ਼ ਨਾ ਹੋਇਆ ਤੇ ‘ਮਹਲਾ’ ਸ਼ਬਦ ਫਿਰ ਬੋਲਣ ਵਿੱਚ ‘ਮਹੱਲਾ’ ਨਾ ਬਣਿਆਂ ਜਿੱਥੇ ਕਈ ਮਕਾਨ ਹੁੰਦੇ ਹਨ। 

        ‘ਘਰੁ’ ਸ਼ਬਦ ਦਾ ਸੰਬੰਧ ‘ਮਹਲਾ’ ਸ਼ਬਦ ਨਾਲ਼ ਨਹੀਂ ਸਗੋਂ ਗਾਉਣ ਨਾਲ਼ ਜਾਂ ਰਾਗ ਨਾਲ਼ ਹੈ। ਸਿਰਲੇਖਾਂ ਵਿੱਚ ਵਰਤੇ ਸ਼ਬਦ ‘ਘਰੁ’ ਦਾ ਅਰਥ ਰਹਿਣ ਵਾਲ਼ਾ ਮਕਾਨ ਨਹੀਂ ਹੈ।

ਪ੍ਰਮਾਣ ਵਜੋਂ ਇਹ ਪੰਕਤੀ ਪੜ੍ਹੋ-

ਸਿਰੀ ਰਾਗੁ ਕਬੀਰ ਜੀਉ ਕਾ॥

ਏਕੁ ਸੁਆਨੁ ਕੈ ਘਰਿ ਗਾਵਣਾ ॥  (ਗਗਸ ਪੰਨਾਂ ੯੧)

        ਇਹ ਪੰਕਤੀ ਦੱਸਦੀ ਹੈ ਕਿ ਕਬੀਰ ਜੀ ਦਾ ਇਹ ਸ਼ਬਦ ਉਸ ਘਰ ਵਿੱਚ ਗਾਵਣਾ ਹੈ ਜਿਸ ਘਰ ਵਿੱਚ ‘ਏਕੁ ਸੁਆਨੁ’ ਵਾਲ਼ਾ ਸ਼ਬਦ ਲਿਖਿਆ ਗਿਆ ਹੈ {ਇਹ ਸੰਕੇਤ ਪੰਜਵੇਂ ਗੁਰੂ ਜੀ ਵਲੋਂ ਹੈ}। ‘ਏਕੁ ਸੁਆਨੁ’ ਵਾਲ਼ਾ ਸ਼ਬਦ ਸਿਰੀ ਰਾਗ ਵਿੱਚ ਹੀ ਇਉਂ ਲਿਖਿਆ ਮਿਲ਼ਦਾ ਹੈ-

ਸਿਰੀ ਰਾਗੁ ਮਹਲਾ ੧ ਘਰੁ ੪॥

ਏਕੁ ਸੁਆਨੁ ਦੁਇ ਸੁਆਨੀ ਨਾਲਿ॥  (ਗਗਸ ਪੰਨਾਂ ੨੪)

        ਸਪੱਸਟ ਹੈ ਕਿ ‘ਮਹਲਾ’ ਲਫ਼ਜ਼ ਨਾਲ਼ ਵਰਤਿਆ ‘ਘਰੁ’ ਸ਼ਬਦ ਇੱਟਾਂ ਵੱਟਿਆ ਦਾ ਕੋਠਾ ਨਹੀਂ। ਇਸ ਦਾ ਸੰਬੰਧ ਗਾਉਣ ਨਾਲ਼ ਹੈ { ‘ਘਰੁ ੩’ ਦਾ ਅਰਥ ਹੈ ਸ਼ਬਦ ਨੂੰ ਉਸ ਤਾਲ ਵਿੱਚ ਗਾਉਣਾ ਹੈ ਜਿਸ ਵਿੱਚ ੩ ਤਾਲ਼ੀਆਂ ਹੁੰਦੀਆਂ ਹਨ ਜਿਵੇਂ ੧੬ ਮਾਤ੍ਰਾਂ ਦਾ ਤੀਨ ਤਾਲ ਤੇ ‘ਘਰੁ ੧੭’ ਦਾ ਅਰਥ ਹੈ ਉਹ ਤਾਲ ਜੋ ੧੭ ਤਾਲ਼ੀਆਂ ਰੱਖਦਾ ਹੋਵੇ ਜਿਵੇਂ ੪੦ ਮਾਤ੍ਰਾਂ ਦਾ ਚਰਚਰੀ ਤਾਲ}। ‘ਘਰੁ’ ਅਤੇ ‘ਪਉੜੀਆਂ’, ‘ਮਹਲਾ’ ਸ਼ਬਦ ਦੇ ਠੀਕ ਪਾਠ ਨਾਲ਼ ਸੰਬੰਧਤ ਨਹੀਂ।

ਸਿਰਲੇਖ ਵਿੱਚ ‘ਮਹਲੁ’ ਸ਼ਬਦ ਵੀ ਹੈ:

        ‘ਨਾਨਕ ਬਾਣੀ’ ਦੇ ਸਿਰਲੇਖਾਂ ਵਿੱਚ ‘ਮਹਲੁ’ ਸ਼ਬਦ ਵੀ ਆਇਆ ਹੈ। ਜੇ ‘ਮਹਲਾ’ ਸ਼ਬਦ ਨੂੰ ‘ਮਹੱਲਾ’ ਪੜ੍ਹਨਾ ਹੈ ਤਾਂ ਸਿਰਲੇਖ ਵਿੱਚ ‘ਮਹਲੁ’ ਸ਼ਬਦ ਨੂੰ  ਵੀ ‘ਮਹੱਲੁ’ ਪੜ੍ਹਨਾ ਪਵੇਗਾ। ਇਸ ਤਰ੍ਹਾਂ ਪੜ੍ਹਨ ਨਾਲ਼ ਅਰਥ ਇੱਕੋ ਜਿਹੇ ਨਹੀਂ ਰਹਿਣਗੇ। ਕਿਉਂਕਿ ‘ਮਹੱਲੁ’ ਇੱਕੋ ਵੱਡਾ ਮਕਾਨ ਹੁੰਦਾ ਹੈ ਤੇ ‘ਮਹੱਲਾ’ ਕਈ ਮਕਾਨਾ ਨਾਲ਼ ਬਣਦਾ ਹੈ। ਸਪੱਸ਼ਟ ਹੈ ਕਿ ਜੇ ‘ਮਹਲੁ’ ਸ਼ਬਦ ਨੂੰ ‘ਮਹੱਲੁ’ ਨਹੀਂ ਬੋਲਿਆ ਜਾ ਸਕਦਾ ਤਾਂ ‘ਮਹਲਾ’ ਸ਼ਬਦ ਨੁੰ ਵੀ ‘ਮਹੱਲਾ’ ਨਹੀਂ ਬੋਲਿਆ ਜਾ ਸਕਦਾ। ‘ਮਹਲੁ’ ਸ਼ਬਦ ਦੀ ਵਰਤੋਂ ਇਉਂ ਹੈ:

ਸਿਰੀ ਰਾਗੁ ਮਹਲੁ ੧॥ (ਗਗਸ ਪੰਨਾਂ ੧੬)

ਸਿਰੀ ਰਾਗੁ ਮਹਲੁ ੧॥ (ਗਗਸ ਪੰਨਾਂ ੧੮)

ਪਾਠ ‘ਮਹਿਲਾ’ ਕਿਵੇਂ ਚੱਲਿਆ?

        ‘ਮਹਿਲਾ’ ਸ਼ਬਦ ਸੰਸਕ੍ਰਿਤ ਭਾਸ਼ਾ ਤੋਂ ਹੈ ਜਿਸ ਦਾ ਅਰਥ ਹੈ-ਇਸਤ੍ਰੀ, ਜਿਵੇਂ ਮਹਿਲਾ ਮੰਡਲ਼ । ਇਹ ਸ਼ਬਦ ਇਸਤ੍ਰੀ ਲਿੰਗ ਹੈ। ਜਿਨ੍ਹਾਂ ਨੇ ਸਮਝਿਆ ਕਿ ਸਤਿਗੁਰਾਂ ਨੇ ਬਾਣੀ ਇਸਤ੍ਰੀ ਰੂਪ ਵਿੱਚ ਲਿਖੀ ਹੈ ਉਨ੍ਹਾਂ ਨੇ ‘ਮਹਲਾ’ ਸ਼ਬਦ ਦਾ ਪਾਠ ‘ਮਹਿਲਾ’ ਕਰਨਾ ਸ਼ੁਰੂ ਕਰ ਦਿੱਤਾ। ਹੁਣ ਦੇਖਣਾ ਇਹ ਹੈ ਕਿ ਸਿਰਲੇਖ ਵਿੱਚ ਵਰਤਿਆ ‘ਮਹਲਾ’ ਸ਼ਬਦ ਇਸਤ੍ਰੀ ਲਿੰਗ ਹੈ ਜਾਂ ਪੁਲਿੰਗ। ‘ਮਹਲਾ’ ਸ਼ਬਦ ਪੁਲਿੰਗ ਹੈ। ਇਹ ਪ੍ਰਮਾਣ ਪੜ੍ਹੋ:

  1.  ਰਾਗੁ ਸਿਰੀ ਰਾਗੁ ਮਹਲਾ ਪਹਿਲਾ॥ (ਗਗਸ ਪੰਨਾ ੧੪)
  2.  ਵਡਹੰਸ ਮਹਲਾ ੩ ਤੀਜਾ॥ (ਗਗਸ ਪੰਨਾਂ ੫੮੨) 
  3.  ਸੋਰਠਿ ਮਹਲਾ ੪ ਚਉਥਾ॥ (ਗਗਸ ਪੰਨਾਂ ੬੦੫)
  4.  ਧਨਾਸਰੀ ਮਹਲਾ ੩ ਤੀਜਾ॥ (ਗਗਸ ਪੰਨਾਂ ੬੬੪)
  5.  ਬਸੰਤ ਮਹਲਾ ੩ ਤੀਜਾ ॥ (ਗਗਸ ਪੰਨਾਂ ੧੧੬੯)

        ਉਪਰੋਕਤ ਪੰਕਤੀਆਂ ਵਿੱਚ ਲਿਖੇ ਸ਼ਬਦਾਂ ‘ਪਹਿਲਾ’, ‘ਤੀਜਾ’ ਅਤੇ ‘ਚਉਥਾ’ ,ਜੋ ਅੰਕਾਂ ੧, ੩ ਅਤੇ ੪ ਤੋਂ ਪਿੱਛੋਂ ਲਿਖੇ ਹੋਏ ਹਨ ਤੇ ਅੰਕਾਂ ਨੂੰ ਬੋਲਣ ਦਾ ਢੰਗ ਦੱਸਦੇ ਹਨ, ਤੋਂ ਸਿੱਧ ਹੁੰਦਾ ਹੈ ਕਿ ‘ਮਹਲਾ’ ਸ਼ਬਦ ਪੁਲਿੰਗ ਹੈ। ਜੇ ‘ਮਹਲਾ’ ਸ਼ਬਦ ਇਸਤ੍ਰੀ ਲਿੰਗ ‘ਮਹਿਲਾ’ ਹੁੰਦਾ ਤਾਂ ਲਿਖਿਆ ਹੋਣਾ ਸੀ- ਮਹਲਾ ਤੀਜਾ ਦੀ ਥਾਂ ਮਹਲਾ ਤੀਜੀ, ਮਹਲਾ ਪਹਿਲਾ ਦੀ ਥਾਂ ਮਹਲਾ ਪਹਿਲੀ ਤੇ ਮਹਲਾ ਚਉਥਾ ਦੀ ਥਾਂ ਮਹਲਾ ਚਉਥੀ। ਸਪੱਸ਼ਟ ਹੈ ਕਿ ‘ਮਹਲਾ’ ਸ਼ਬਦ ਇਸਤ੍ਰੀ ਲਿੰਗ ਨਹੀਂ ਹੈ ਤੇ ਇਹ ਸੰਸਕ੍ਰਿਤ ਦਾ ਲਫ਼ਜ਼ ‘ਮਹਿਲਾ’ ਨਹੀਂ ਹੈ।

ਇਹ ਪ੍ਰਮਾਣ ਵੀ ਦੇਖੋ:

ਸਵਈਏ ਮਹਲੇ ਦੂਜੇ ਕੇ ੨ (ਗਗਸ ਪੰਨਾਂ ੧੩੯੧) 

ਸਲੋਕ ਭੀ ਮਹਲੇ ਪਹਿਲੇ ਕੇ ਲਿਖੇ॥ (ਗਗਸ ਪੰਨਾਂ ੪੬੨)

        ਉਪਰੋਕਤ ਪ੍ਰਮਾਣਾ ਵਿੱਚ ‘ਮਹਲਾ’ ਸ਼ਬਦ ਨੂੰ ਸੰਬੰਧਕ ਨਾਲ਼ ਵਰਤਣ ਤੇ ‘ਮਹਲੇ’ ਲਿਖਿਆ ਗਿਆ ਹੈ ਜਿਵੇਂ ਮਹਲੇ ਦੂਜੇ ਕੇ ਅਤੇ ਮਹਲੇ ਪਹਿਲੇ ਕੇ। ਜੇ ‘ਮਹਲਾ’ ਸ਼ਬਦ ਇਸਤ੍ਰੀ ਲਿੰਗ ਸ਼ਬਦ ਹੁੰਦਾ ਤਾਂ ਲਿਖਿਆ ਹੋਣਾ ਸੀ ‘ਸਵਈਏ ਮਹਲਾ ਪਹਿਲੀ ਕੇ’ ਅਤੇ ‘ਸਵਈਏ ਮਹਲਾ ਦੂਜੀ ਕੇ’ । ਪੁਲਿੰਗ ਸ਼ਬਦ ਦਾ ‘ਕੰਨਾਂ’, ਉਸ ਨਾਲ਼ ਸੰਬੰਧਕ ਆ ਜਾਣ ਤੇ, ‘ਲਾਂਵ’ ਵਿੱਚ ਬਦਲ ਜਾਂਦਾ ਹੈ ਤੇ ਇਸਤ੍ਰੀ ਲਿੰਗ ਸ਼ਬਦ ਦਾ ‘ਕੰਨਾਂ’ ਟਿਕਿਆ ਰਹਿੰਦਾ ਹੈ। ਜਿਵੇਂ ਇਹ ਦੋ ਹੋਰ ਵਾਕ ਪੜ੍ਹੋ:

        ਉਹ ਲੱਖੇ ਦੀ ਪਤਨੀ ਹੈ।

        ਉਹ ਸੀਤਾ ਦਾ ਪਤੀ ਹੈ।

        ਪੁਲਿੰਗ ਸ਼ਬਦ ‘ਲੱਖਾ’ ਸੀ ਜਿਸ ਤੋਂ ‘ਲੱਖੇ ਦੀ ਪਤਨੀ’ ਬਣਿਆਂ। ਇਸਤ੍ਰੀ ਲਿੰਗ ਸ਼ਬਦ ‘ਸੀਤਾ’ ਸੀ ਜਿਸ ਤੋਂ ‘ਸੀਤੇ ਦਾ ਪਤੀ’ ਨਹੀਂ ਬਣਿਆਂ ਸਗੋਂ ‘ਸੀਤਾ’ ਲਫ਼ਜ਼ ‘ਸੀਤਾ’ ਹੀ ਰਿਹਾ। ਇਸੇ ਤਰ੍ਹਾਂ ‘ਮਹਲਾ’ ਸ਼ਬਦ ਪੁਲਿੰਗ ਹੈ 

ਜਿਸ ਤੋਂ ‘ਮਹਲੇ’ ਸ਼ਬਦ ਬਣਿਆਂ, ਭਾਵ ‘ਮਹਲਾ’ ਸ਼ਬਦ ਦਾ ‘ਕੰਨਾਂ’, ‘ਲਾਂਵ’ ਵਿੱਚ ਬਦਲ ਗਿਆ।

ਮਹਲਾ’ ਸ਼ਬਦ ਦਾ ਅਰਥ-

ਬਾਣੀ ਦੇ ਸਿਰਲੇਖਾਂ ਵਿੱਚ ਵਰਤੇ ‘ਮਹਲਾ’ ਸਬਦ ਦਾ ਅਰਥ ਹੈ- ਸ਼ਰੀਰ। ਮਹਲਾ ੨- ਗੁਰੂ ਨਾਨਕ ਦੂਜਾ ਸ਼ਰੀਰ, ਮਹਲਾ ੯- ਗੁਰੂ ਨਾਨਕ ਨੌਵਾਂ ਸ਼ਰੀਰ ਆਦਿਕ।

ਪ੍ਰਮਾਣ ਨੰ. ੧.

ਸਬਦੇ ਪਤੀਜੈ ਅੰਕੁ ਭੀਜੈ ਸੁ ਮਹਲੁ ਮਹਲਾ ਅੰਤਰੇ॥

ਆਪਿ ਕਰਤਾ ਕਰੇ ਸੋਈ ਪ੍ਰਭੁ ਆਪਿ ਅੰਤਿ ਨਿਰੰਤਰੇ॥ 

                                      (ਪੰਨਾਂ ੭੬੭)

ਸਬਦੇ ਪਤੀਜੈ– ਸੇਵਕ ਦਾ ਮਨ ਪਤੀਜ ਜਾਂਦਾ ਹੈ।

ਅੰਕੁ ਭੀਜੈ– ਉਸ ਦਾ ਹਿਰਦਾ ਨਾਮ ਰਸ ਨਾਲ਼ ਭਿੱਜ ਜਾਂਦਾ ਹੈ।

ਸੁ ਮਹਲੁ– ਪ੍ਰਭੂ ਦਾ ਉਹ ਟਿਕਾਣਾ।

ਮਹਲਾ ਅੰਤਰੇ- ਸੇਵਕ ਨੂੰ ਸੱਭ ਸ਼ਰੀਰਾਂ(ਮਹਲਾ) ਵਿੱਚ (ਅੰਤਰੇ) ਅਨੁਭਵ ਹੁੰਦਾ ਹੈ।

ਮਹਲਾ- ਮਹਲਾਂ, ਸ਼ਰੀਰਾਂ ਵਿੱਚ।

ਪ੍ਰਮਾਣ ਨੰ. ੨

ਏਕ ਮਹਲਿ ਤੂੰ ਹੋਹਿ ਅਫਾਰੋ ਏਕ ਮਹਲਿ ਨਿਮਾਨੋ ॥ 

ਏਕ ਮਹਲਿ ਤੂੰ ਆਪੇ ਆਪੇ ਏਕ ਮਹਲਿ ਗਰੀਬਾਨੋ ॥ ੧ ॥ 

ਏਕ ਮਹਲਿ ਤੂੰ ਪੰਡਿਤੁ ਬਕਤਾ ਏਕ ਮਹਲਿ ਖਲੁ ਹੋਤਾ ॥ 

ਏਕ ਮਹਲਿ ਤੂੰ ਸਭੁ ਕਿਛੁ ਗ੍ਰਾਹਜੁ ਏਕ ਮਹਲਿ ਕਛੂ ਨ ਲੇਤਾ ॥

                                          (ਪੰਨਾਂ ੨੦੬) 

ਮਹਲੁ- {ਨਾਂਵ ਇੱਕ ਵਚਨ ਪੁਲਿੰਗ} ਅਰਥ ਕਾਇਆ, ਸ਼ਰੀਰ।

ਮਹਲਿ- {ਅਧਿਕਰਣ ਕਾਰਕ} ਸ਼ਰੀਰ ਵਿੱਚ, ਕਾਇਆ ਵਿੱਚ, ਦੇਹ ਵਿੱਚ।

                 ਦੇਖਾ-ਦੇਖੀ ਪਈਆਂ ਗ਼ਲਤ ਲੀਹਾਂ ਵਿੱਚੋਂ ਨਿਕਲਣ ਲਈ ਸ਼ਬਦ ਗੁਰੂ ਗਿਆਨ ਦੀ ਰੌਸ਼ਨੀ ਦੀ ਸ਼ਕਤੀ ਦੀ ਵਰਤੋਂ ਦੀ ਅਤੇ ਗਿਆਨ ਅੰਜਨ ਨੇਤ੍ਰਾਂ ਵਿੱਚ ਪਾਉਣ ਦੀ ਇੱਕੀਵੀਂ ਸਦੀ ਦੀ ਪੁਕਾਰ ਹੈ।

_______________***************_______________

Note:  Only Professor Kashmira Singh is aware if this article has been published somewhere else also.

ਨੋਟ :  ਵੈੱਬ ਸਾਇਟ ਤੇ ਛਪੇ ਲੇਖਾਂ ਵਿਚ ਲੇਖਕਾਂ ਦੇ ਅਪਣੇ ਵਿਚਾਰ ਹਨ । ਸੰਪਾਦਕੀ ਬੋਰਡ ਦਾ ਇਨ੍ਹਾਂ ਨਾਲ ਪੂਰੀ ਤਰ੍ਹਾਂ  ਸਹਿਮਤ ਹੌਣਾ ਜ਼ਰੂਰੀ ਨਹੀਂ ਹੈ ।